08/01/2024
2023 ਦੌਰਾਨ ਰਿਕਾਰਡ ਵਿਕਰੀ ਦਰਜ ਕਰਨ ਵਾਲੀਆਂ ਵਾਹਨ ਨਿਰਮਾਤਾ ਕੰਪਨੀਆਂ ਨੇ ਇਸ ਵਰ੍ਹੇ ਵਾਧੇ ਦੇ ਲਿਹਾਜ਼ ਨਾਲ ਵਧ ਵਿਆਜ ਦਰਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਮਾਰੂਤੀ ਸੁਜ਼ੁਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਮਾਰਕੀਟਿੰਗ ਤੇ ਵਿਕਰੀ) ਸ਼ਸ਼ਾਂਕ ਸ੍ਰੀਵਾਸਤਵ ਦਾ ਕਹਿਣਾ ਹੈ ਕਿ ਜੇ ਆਉਣ ਵਾਲੇ ਸਮੇਂ ਵਿਚ ਰੈਪੋ ਰੇਟ ਵਿਚ ਕਟੌਤੀ ਕੀਤੀ ਜਾਂਦੀ ਹੈ ਤਾਂ ਵਾਹਨ ਕਰਜ਼ਾ ਹੋਰ ਮਹਿੰਗਾ ਹੋ ਸਕਦਾ ਹੈ। ਜੇ ਇੰਝ ਹੋਇਆ ਤਾਂ ਇਸ ਦਾ ਸਿੱਧਾ ਅਸਰ ਯਾਤਰੀ ਵਾਹਨਾਂ (ਪੀਵੀ) ਦੀ ਵਿਕਰੀ ’ਤੇ ਪਵੇਗਾ। ਉਨ੍ਹਾਂ ਕਿਹਾ ਕਿ 2023 ਦੌਰਾਨ ਰਿਕਾਰਡ 41.08 ਲੱਖ ਯਾਤਰੀ ਵਾਹਨਾਂ ਦੀ ਵਿਕਰੀ ਹੋਈ ਹੈ। ਮਹਿੰਗੇ ਵਿਆਜ ਤੇ ਉੱਚੇ ਅਧਾਰ ਦੇ ਚੱਲਦੇ 2024 ਵਿਚ ਯਾਤਰੀ ਵਾਹਨਾਂ ਉਦਯੋਗ ਦੀ ਵਿਕਰੀ ਵਾਧਾ ਦਰ ਇਕ ਅੰਕ ਵਿਚ ਰਹਿ ਸਕਦੀ ਹੈ।
ਸ੍ਰੀਵਾਸਤਵ ਨੇ ਕਿਹਾ ਕਿ ਵਾਹਨ ਉਦਯੋਗ ਦਾ ਵਾਧਾ, ਬਹੁਤ ਹੱਦ ਤੱਕ ਕੁਲ ਅਰਥ ਵਿਵਸਥਾ ਦੇ ਵਾਧੇ ’ਤੇ ਨਿਰਭਰ ਕਰਦਾ ਹੈ। ਇਸ ਵਰ੍ਹੇ ਭਾਰਤ ਦੀ ਵਿਕਾਸ ਦਰ 6-6.5 ਫ਼ੀਸਦ ਰਹਿਣ ਦਾ ਅਨੁਮਾਨ ਹੈ। ਦੋਵਾਂ ਵਿਚਾਲੇ ਵੱਧ ਜੁੜਾਅ ਹੁੰਦਾ ਹੈ, ਇਸ ਲਈ ਇਹ ਹਾਂ-ਪੱਖੀ ਪੱਖ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਉੱਚੇ ਅਧਾਰ ’ਤੇ ਪੁੱਜ ਗਏ ਹਾਂ। ਇਸ ਅਧਾਰ ’ਤੇ ਲਗਾਤਾਰ ਵਾਧਾ ਹਾਸਿਲ ਕਰਨਾ ਰਤਾ ਔਖਾ ਹੁੰਦਾ ਹੈ। 2021 ਵਿਚ ਵਾਧਾ ਲਗਭਗ 27 ਫ਼ੀਸਦ ਸੀ, 2022 ਵਿਚ ਇਹ 23 ਫ਼ੀਸਦ ਸੀ। 2023 ਵਿਚ ਇਹ 8.3 ਫ਼ੀਸਦ ਹੈ। ਇਸ ਲਈ ਅੰਦਾਜ਼ਾ ਹੈ ਕਿ 2024 ਵਿਚ ਵਾਧਾ ਦਰ ਇਕ ਅੰਕ ਵਿਚ ਰਹੇਗੀ।
ਇਸੇ ਤਰ੍ਹਾਂ ਰੇਟਿੰਗ ਏਜੰਸੀ ਇੰਡੀਆ ਰੇਟਿੰਗਜ਼ ਐਂਚ ਰਿਸਰਚ ਦੇ ਮੁੱਖ ਅਰਥ ਸ਼ਾਸਤਰੀ ਦਵਿੰਦਰ ਪੰਤ ਦਾ ਕਹਿਣਾ ਹੈ ਕਿ ਭਾਰਤੀ ਅਰਥਚਾਰਾ, ਖਪਤ ਵਿਚ ਥੋੜ੍ਹੇ ਵਾਧੇ ਦੀ ਚੁਣੌਤੀ ਸਹਿਣ ਕਰ ਰਿਹਾ ਹੈ। ਇਸ ਦਾ ਮੁੱਖ ਕਾਰਨ ਹੈ ਕਿ ਜ਼ਿਆਦਾ ਮਹਿੰਗਾਈ ਹੇਠਲੀ ਆਮਦਨ ਵਰਗ ਦੇ ਲੋਕਾਂ ਨੂੰ ਪ੍ਰਭਾਵਤ ਕਰ ਰਹੀ ਹੈ। ਮਹਿੰਗਾਈ ਵਿਚ ਇਕ ਫ਼ੀਸਦ ਦੀ ਕਮੀ ਨਾਲ ਸਮੁੱਚੇ ਘਰੇਲੂ ਉਤਪਾਦ (ਜੀਡੀਪੀ) ਵਿਚ 0.64 ਫ਼ੀਸਦ ਦਾ ਵਾਧਾ ਹੋਵੇਗਾ ਜਾਂ ਨਿੱਜੀ ਖਪਤ ਖ਼ਰਚਾ (ਪੀਐੱਫਸੀਈ) ਵਿਚ 1.12 ਫ਼ੀਸਦ ਅੰਕਾਂ ਦਾ ਵਾਧਾ ਹੋਵੇਗਾ।
コメント