ਲੁਧਿਆਣਾ, 25 ਜੁਲਾਈ
ਮਨੀਪੁਰ ਏਕਤਾ ਦਿਵਸ ਮਨਾਉਣ ਦੇ ਦੇਸ਼ ਵਿਆਪੀ ਸੱਦੇ 'ਤੇ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਜ਼ਿਲ੍ਹਾ ਲੁਧਿਆਣਾ ਵੱਲੋਂ ਪੰਜਾਬ ਇਸਤਰੀ ਸਭਾ ਜ਼ਿਲ੍ਹਾ ਲੁਧਿਆਣਾ,ਇੰਡੀਅਨ ਡਾਕਟਰਜ ਫਾਰ ਪੀਸ ਐਂਡ ਡਿਵੈਲਪਮੈਂਟ, ਭਾਰਤ ਜਨ ਗਿਆਨ ਵਿਗਿਆਨ ਜਥਾ ਅਤੇ ਹੋਰ ਅਜਿਹੀਆਂ ਹੋਰ ਸਮਾਜਸੇਵੀ ਜਥੇਬੰਦੀਆਂ ਨਾਲ ਮਿਲ ਕੇ ਇੱਕ ਵਿਸ਼ਾਲ ਰੈਲੀ ਕੱਢੀ ਗਈ, ਜਿਸ ਵਿੱਚ ਕੇਂਦਰ ਅਤੇ ਮਨੀਪੁਰ ਦੀ ਰਾਜ ਸਰਕਾਰ ਵੱਲੋਂ ਸੂਬੇ ਵਿੱਚ ਹਿੰਸਾ ਨੂੰ ਕਾਬੂ ਕਰਨ ਵਿੱਚ ਨਾਕਾਮਯਾਬ ਰਹਿਣ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਬਾਵਜੂਦ ਕਿ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਸੀ, ਪ੍ਰਧਾਨ ਮੰਤਰੀ ਨੇ ਇਨ੍ਹਾਂ ਹਾਲਾਤਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਜਦੋਂ ਮਨੀਪੁਰ ਜਿਹਾ ਇੱਕ ਬਹੁਤ ਹੀ ਮਹੱਤਵਪੂਰਨ ਰਾਜ ਸੜ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਵਿਦੇਸ਼ਾਂ ਦੇ ਦੌਰੇ ਵਿਚ ਮਸਤ ਸਨ। ਇਹ ਗੱਲ ਹੁਣ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ ਕਿ 4 ਮਈ ਨੂੰ ਔਰਤਾਂ ਦੀ ਨਗਨ ਪਰੇਡ ਅਤੇ ਬਲਾਤਕਾਰ ਕਰਨ ਦੀ ਭਿਆਨਕ ਹਿੰਸਾ ਦੀ ਘਟਨਾ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਸੀ। ਪਰ ਉਹਨਾਂ ਨੇ ਇਸਨੂੰ ਛੁਪਾਇਆ। ਇਹ ਔਰਤਾਂ ਪ੍ਰਤੀ ਉਨ੍ਹਾਂ ਦੀ ਮਾਨਸਿਕਤਾ ਦਾ ਪ੍ਰਤੀਕ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਇਸ ਘਟਨਾ ਬਾਰੇ ਈਮੇਲ ਮਿਲੀ ਸੀ। ਇਹ ਮੰਨਣਯੋਗ ਨਹੀਂ ਕਿ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਦੀ ਲਗਾਤਾਰ ਚੁੱਪੀ ਉਹਨਾਂ ਵਲੋਂ ਹਿੰਸਾ ਨੂੰ ਟੇਢੇ ਸਮਰਥਨ ਨੂੰ ਦਰਸਾਉਂਦੀ ਹੈ।
ਇਹ ਬਹੁਤ ਹੀ ਨਿੰਦਣਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਜੋ ਹਮੇਸ਼ਾ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ ਕਰਦੇ ਹਨ, ਨੇ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਹੈ। ਇਹ 2002 ਵਿੱਚ ਗੁਜਰਾਤ ਦੀ ਯਾਦ ਦਿਵਾਉਂਦਾ ਹੈ ਜਦੋਂ ਉਹਨਾਂ ਨੇ ਹਿੰਸਾ ਉੱਤੇ ਪੂਰੀ ਤਰ੍ਹਾਂ ਚੁੱਪੀ ਧਾਰੀ ਰੱਖੀ ਜਿਸ ਕਾਰਨ ਕਤਲੇਆਮ ਜਾਰੀ ਰਿਹਾ ਅਤੇ ਲਗਭਗ 2500 ਲੋਕ ਮਾਰੇ ਗਏ। ਉਸ ਵੇਲੇ ਵੀ ਗੁਜਰਾਤ ਵਿੱਚ ਅਤੇ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਸੀ। 20 ਜੁਲਾਈ ਨੂੰ ਮਨੀਪੁਰ 'ਤੇ ਉਨ੍ਹਾਂ ਦੇ ਭਾਸ਼ਣ ਦੇ ਬੋਲ ਰਾਜ ਵਿਚ ਪੀੜਤ ਔਰਤਾਂ ਅਤੇ ਹਿੰਸਾ ਪ੍ਰਤੀ ਸੰਵੇਦਨਸ਼ੀਲਤਾ ਨਾਲੋਂ ਵੱਧ ਸਿਆਸੀ ਸਨ। ਇਹ ਉਹਨਾਂ ਦੀ ਮਾਨਸਿਕਤਾ ਦਾ ਪ੍ਰਤੀਬਿੰਬ ਹੈ। ਇਤਿਹਾਸ ਦੱਸਦਾ ਹੈ ਕਿ ਜਦੋਂ ਹਾਥਰਸ ਦੀ ਗਰੀਬ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸ ਨੂੰ ਬਾਅਦ ਵਿੱਚ ਉਸਦੇ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਪੁਲਿਸ ਦੁਆਰਾ ਸਾੜ ਦਿੱਤਾ ਗਿਆ ਤਾਂ ਵੀ ਉਹ ਇਕ ਸ਼ਬਦ ਵੀ ਨਹੀਂ ਬੋਲੇ; ਨਾ ਹੀ 6 ਬਿਲਕਿਸ ਬਾਨੋ ਪਰਿਵਾਰ ਦੇ ਬਲਾਤਕਾਰੀ ਅਤੇ ਕਾਤਲਾਂ ਦੀ ਰਿਹਾਈ 'ਤੇ ਇੱਕ ਵੀ ਸ਼ਬਦ ਬੋਲਿਆ। ਜਿਸ ਤਰ੍ਹਾਂ ਉਹ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀਆਂ ਮਹਿਲਾ ਪਹਿਲਵਾਨਾਂ ਨਾਲ ਬੇਰਹਿਮੀ ਨਾਲ ਪੇਸ਼ ਆਏ ਤੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਭਾਜਪਾ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਬਚਾਉਣ ਲਈ ਆਪਣੀ ਤਾਕਤ ਲਗਾ ਦਿੱਤੀ, ਉਹ ਸਾਡੇ ਸਾਹਮਣੇ ਹੈ।
ਬੁਲਾਰਿਆਂ ਨੇ ਕਿਹਾ ਕਿ ਮਨੀਪੁਰ ਵਿੱਚ ਹੋਈ ਗੁੰਡਾਗਰਦੀ ਅਤੇ ਹਿੰਸਾ ਤੋਂ ਬਾਅਦ ਡਬਲ ਇੰਜਣ ਸਰਕਾਰ ਨੂੰ ਬਣੇ ਰਹਿਣ ਦਾ ਕੋਈ ਹੱਕ ਨਹੀਂ। ਮਨੀਪੁਰ 'ਤੇ ਕੇਂਦਰ ਸਰਕਾਰ ਦੀ ਚੁੱਪੀ ਹਿੰਸਾ ਨੂੰ ਸਪੱਸ਼ਟ ਸਮਰਥਨ ਦਾ ਪ੍ਰਤੀਕ ਹੈ। ਸੂਬੇ ਅਤੇ ਕੇਂਦਰ ਦੀ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ। ਪੂਰੀ ਤਰ੍ਹਾਂ ਅਸੰਵੇਦਨਸ਼ੀਲ ਇਸ ਸਰਕਾਰ ਨੂੰ ਉਖਾੜਨ ਲਈ ਇੱਕਜੁੱਟ ਹੋਣ ਦਾ ਸਮਾਂ ਆ ਗਿਆ ਹੈ। ਪੰਜਾਬੀ ਭਵਨ ਤੋਂ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕਰਨ ਵਾਲੇ ਇਸ ਰੋਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰੀਆਂ ਨੇ ਸ਼ਮੂਲੀਅਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਦੇਸ਼ ਦੇ ਰਾਸ਼ਟਰਪਤੀ ਨੂੰ ਈ ਮੇਲ ਰਾਹੀਂ ਕੇਂਦਰ ਤੇ ਮਨੀਪੁਰ ਦੀ ਸੂਬਾ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ। ਜਿਨ੍ਹਾਂ ਨੇ ਸੰਬੋਧਨ ਕੀਤਾ ਉਨਾ ਵਿੱਚ ਕਾਮਰੇਡ ਡੀ ਪੀ ਮੌੜ ਜ਼ਿਲ੍ਹਾ ਸਕੱਤਰ,ਡਾਕਟਰ ਅਰੁਣ ਮਿੱਤਰਾ, ਐਮ.ਐਸ ਭਾਟੀਆ, ਚਮਕੌਰ ਸਿੰਘ, ਵਿਜੇ ਕੁਮਾਰ, ਕੇਵਲ ਸਿੰਘ ਬਨਵੈਤ,ਗੁਰਮੇਲ ਮੈਲਡੇ,ਵਿਨੋਦ ਕੁਮਾਰ, ਅਵਤਾਰ ਛਿੱਬੜ, ਡਾਕਟਰ ਕੌਰ ਕੋਚਰ- ਪ੍ਰਧਾਨ ਪੰਜਾਬ ਇਸਤਰੀ ਸਭਾ ਲੁਧਿਆਣਾ, ਕੁਸੁਮ ਲਤਾ- ਜਨਰਲ ਸਕੱਤਰ ਭਾਰਤ ਜਨ ਗਿਆਨ ਵਿਗਿਆਨ ਜੱਥਾ, ਸੁਸ਼ਮਾ ਉਬਰਾਏ, ਅਨੂ ਭੱਟੀ, ਕੁਲਵੰਤ ਕੌਰ, ਸ਼ਕੁੰਤਲਾ ਦੇਵੀ, ਯੂਨਾਇਟਿਡ ਸਿੱਖ ਵੱਲੋਂ ਅੰਮ੍ਰਿਤਪਾਲ ਸਿੰਘ ,ਹਰਬੰਸ ਸਿੰਘ ਗਿੱਲ, ਸਿਕੰਦਰ ਸਿੱਧੂ, ਬਾਪੂ ਬਲਕੌਰ ਸਿੰਘ ਗਿੱਲ, ਡਾਕਟਰ ਬੀ ਐਸ ਔਲਖ, ਮਲਕੀਤ ਸਿੰਘ ਮਾਲੜਾ ਆਦਿ ਸ਼ਾਮਿਲ ਸਨ।
Comments