10/11/2024
ਬੇਸ਼ੱਕ ਪੰਜਾਬ ਪੁਲਿਸ ਸੂਬੇ ਵਿਚ ਨਸ਼ਾ ਤਸ਼ਕਰਾਂ ਖਿਲਾਫ਼ ਵੱਡੀ ਕਾਰਵਾਈ ਕਰਨ ਅਤੇ ਵੱਡੀ ਮਾਤਰਾ ਵਿਚ ਹੈਰੋਇਨ, ਭੁੱਕੀ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਵਿਚ ਸੱਭ ਤੋਂ ਵੱਧ ਨਸ਼ਾ ਵਿਕਣ ਬਾਰੇ ਦਿੱਤੇ ਬਿਆਨ ਨੇ, ਪੰਜਾਬ ਪੁਲਿਸ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਕੇਜਰੀਵਾਲ ਦੇ ਬਿਆਨ ਨੇ ਪੁਲਿਸ ਅਧਿਕਾਰੀਆਂ ਵਲੋਂ ਪੇਸ਼ ਕੀਤੇ ਜਾਂਦੇ ਅੰਕੜਿਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਉਥੇ ਆਪ ਸਰਕਾਰ ’ਚ ਵੀ ਨਸ਼ੇ ਦੀ ਵਿਕਰੀ ਦਾ ਮੁੱਦਾ ਫਿਰ ਭਖ਼ ਗਿਆ ਹੈ।
ਨਸ਼ਾ ਪੰਜਾਬ ਦਾ ਇੱਕ ਵੱਡਾ ਮੁੱਦਿਆ ਬਣਿਆ ਹੋਇਆ ਹੈ। ਪਿਛਲੀਆਂ ਦੋ ਸਰਕਾਰਾਂ ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਸਰਕਾਰ ਨਸ਼ੇ ਦੇ ਮੁੱਦੇ ’ਤੇ ਗਈਆਂ। ਵਿਰੋਧੀ ਧਿਰ ’ਚ ਹੁੰਦਿਆਂ ਆਪ ਲੀਡਰਸ਼ਿਪ ਨੇ ਸੂਬੇ ਵਿਚ ਵੱਡੀ ਪੱਧਰ ’ਤੇ ਨਸ਼ਾ ਹੋਣ ਦੇ ਦੋਸ਼ ਲਾਉਂਦੇ ਅਕਾਲੀ ਦਲ ਦੇ ਇਕ ਵੱਡੇ ਆਗੂ ’ਤੇ ਗੰਭੀਰ ਦੋਸ਼ ਲਾਏ ਸਨ। ਇਹ ਗੱਲ ਵੱਖਰੀ ਹੈ ਕਿ ਬਾਅਦ ਵਿਚ ਪਾਰਟੀ ਦੇ ਸੁਪਰੀਮੋ ਨੇ ਅਕਾਲੀ ਨੇਤਾ ਤੋਂ ਲਿਖਤੀ ਰੂਪ ਵਿਚ ਮਾਫ਼ੀ ਮੰਗ ਲਈ ਸੀ। ਆਪ ਸੁਪਰੀਮੋ ਨੇ ਪੰਜਾਬ ’ਚ ਸਰਕਾਰ ਬਣਨ ’ਤੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਨਸ਼ੇ ਬੰਦ ਕਰਨ ਦਾ ਦਾਅਵਾ ਕੀਤਾ ਸੀ, ਜਦੋ ਕਿ ਇਸਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੁੰਦਿਆਂ ਸਰਕਾਰ ਬਣਨ ’ਤੇ ਇਕ ਮਹੀਨੇ ਵਿਚ ਨਸ਼ੇ ਦਾ ਲੱਕ ਤੋੜ੍ਹਨ ਦੀ ਗੱਲ ਕਹੀ ਸੀ।
ਸੁੱਕਰਵਾਰ ਨੂੰ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਵਿਚ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ’ਚ ਸੱਭ ਤੋਂ ਵੱਧ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਸਰੰਪਚਾਂ ਨੂੰ ਨਸ਼ੇ ਦੀ ਰੋਕਥਾਮ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਸਰਕਾਰ ਅਤੇ ਪੁਲਿਸ ਇਕੱਲੀ ਨਸ਼ੇ ਨੂੰ ਰੋਕ ਨਹੀਂ ਸਕਦੀ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਨਸ਼ੇ ਖਿਲਾਫ਼ ਸਮਾਜਿਕ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ। ਕਰੀਬ ਇਕ ਦਹਾਕਾ ਪਹਿਲਾਂ ਕਾਂਗਰਸ ਦੇ ਤਤਕਾਲੀ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਵਿਚ ਸੱਭ ਤੋਂ ਵੱਧ ਨਸ਼ਾ ਹੋਣ ਦੀ ਗੱਲ ਕਹੀ ਤਾਂ ਨਾ ਸਿਰਫ਼ ਰਾਹੁਲ ਗਾਂਧੀ ਦਾ ਵਿਰੋਧ ਹੋਇਆ ਬਲਕਿ ਕਾਂਗਰਸ ਲੀਡਰਸ਼ਿਪ ’ਤੇ ਪੰਜਾਬ ਤੇ ਨੌਜਵਾਨਾਂ ਨੂੰ ਬਦਨਾਮ ਕਰਨ ਦੇ ਦੋਸ਼ ਲੱਗੇ ਸਨ। ਇਹੀ ਨਹੀਂ ਰਹਿੰਦੀ ਖੂੰਹਦੀ ਕਸਰ ਉਡਤਾ ਪੰਜਾਬ ਫ਼ਿਲਮ ਨੇ ਕੱਢ ਦਿੱਤੀ ਸੀ। ਜਿਸ ਵਿਚ ਪੰਜਾਬ ’ਚ ਨਸ਼ੇ ਦੀ ਖੇਡ ਨੂੰ ਉਜਾਗਰ ਕੀਤਾ ਗਿਆ ਸੀ।
-ਕੇਜਰੀਵਾਲ ਤੇ ਮਾਨ ਨੇ ਕਬੂਲਿਆ ਸਰਕਾਰ ਨਸ਼ਾ ਖ਼ਤਮ ਕਰਨ ’ਚ ਫੇਲ ਹੋਈ -ਚੀਮਾ
ਅਕਾਲੀ ਦਲ ਦੇ ਸੀਨੀਅਰ ਨੇਤਾ ਡਾ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਖੁਦ ਕਬੂਲ ਲਿਆ ਹੈ ਕਿ ਉਹ ਸੂਬੇ ਵਿਚੋਂ ਨਸ਼ੇ ਖ਼ਤਮ ਕਰਨ ਵਿਚ ਫੇਲ੍ਹ ਹੋਏ ਹਨ।
ਡਾ ਚੀਮਾ ਨੇ ਕਿਹਾ ਕਿ ਆਪ ਇਕ ਮਹੀਨੇ ਵਿਚ ਨਸ਼ਾ ਖਤਮ ਕਰਨ ਦੇ ਵਾਅਦੇ ਦੇ ਬਲਬੂਤੇ ਸੱਤਾ ਵਿਚ ਆਈ ਸੀ। ਹੁਣ ਜਦੋਂ ਉਹ ਅਜਿਹਾ ਕਰਨ ਵਿਚ ਨਾਕਾਮ ਰਹੇ ਹਨ ਤੇ ਪਾਰਟੀ ’ਤੇ ਨਸ਼ਾ ਮਾਫੀਆ ਦੀ ਪੁਸ਼ਤਪਨਾਹੀ ਕਰਨ ਦੇ ਦੋਸ਼ ਲੱਗੇ ਹਨ ਤਾਂ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਜ਼ਿੰਮੇਵਾਰੀ ਸਰਪੰਚਾਂ ’ਤੇ ਸੁੱਟਣਾ ਚਾਹੁੰਦੇ ਹਨ। ਚੀਮਾ ਨੇ ਕਿਹਾ ਕਿ ਅਖੀਰ ਵਿਚ ਇਹ ਜ਼ਿੰਮੇਵਾਰੀ ਸਰਪੰਚਾਂ ਤੇ ਪੰਚਾਂ ਦੇ ਮੋਢਿਆਂ ’ਤੇ ਪਾ ਦੇਣਗੇ।
-ਪੁਲਿਸ ਨੇ ਇਹ ਪੇਸ਼ ਕੀਤੇ ਅੰਕੜੇ
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦਸ ਮਹੀਨਿਆਂ ਦੌਰਾਨ 13.62 ਕਰੋੜ ਰੁਪਏ ਦੀ ਡਰੱਗ ਮਨੀ ਫੜ੍ਹੀ ਹੈ। ਇਸ ਤਰ੍ਹਾਂ ਨਸ਼ਾ ਤਸਕਰੀ ਮਾਮਲਿਆਂ ਵਿਚ ਸ਼ਾਮਲ ਦੋਸ਼ੀਆਂ ਦੀ 208 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਹੈ। ਪੁਲਿਸ ਦਾ ਦਾਅਵਾ ਹੈ ਕਿ 7686 ਕੇਸ ਦਰਜ਼ ਕਰਕੇ 10524 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਹਨ। ਪੁਲਿਸ ਅਨੁਸਾਰ 790 ਕਿਲੋ ਗ੍ਰਾਮ ਹੈਰੋਇਨ, 860 ਕਿਲੋ ਗ੍ਰਾਮ ਅਫ਼ੀਮ, 367 ਕੁੰਇਟਲ ਭੁੱਕੀ ਅਤੇ 2.90 ਕਰੋੜ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
Comments