ਲੁਧਿਆਣਾ, 17/9/2023
ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਤੇਜ਼ੀ ਨਾਲ ਤਰੱਕੀ ਦੀ ਰਾਹ ਉੱਤੇ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸ਼ੁਰੂ ਕਰਨ ਦਾ ਵਿਚਾਰ ਉਨ੍ਹਾਂ ਵੱਲੋਂ ਦੇਸ਼ ਦੀ ਸਮੂਹਿਕ ਤਰੱਕੀ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਲਈ ਚੁੱਕਿਆ ਗਿਆ ਇੱਕ ਹੋਰ ਸਕਾਰਾਤਮਕ ਕਦਮ ਹੈ। ਸ੍ਰੀਮਤੀ ਲੇਖੀ ਅੱਜ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਉਦਘਾਟਨੀ ਪ੍ਰੋਗਰਾਮ ਦੌਰਾਨ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸੰਬੋਧਨ ਕਰ ਰਹੇ ਹਨ। ਮੀਨਾਕਸ਼ੀ ਲੇਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮੰਤਰ - ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪਯਾਸ - ਤਰੱਕੀ ਦੇ ਰਾਹ 'ਤੇ ਹਰ ਕਿਸੇ ਦੀ ਮਦਦ ਕਰੇਗਾ ਅਤੇ ਖਾਸ ਤੌਰ 'ਤੇ ਲੋਕਾਂ ਦੇ ਉਨ੍ਹਾਂ ਵਰਗਾਂ ਲਈ, ਜਿਨ੍ਹਾਂ ਨੂੰ ਪਹਿਲਾਂ ਅਣਗੌਲਿਆ ਕੀਤਾ ਗਿਆ ਜਾ ਰਿਹਾ ਸੀ। ਪ੍ਰੋਗਰਾਮ ਵਿੱਚ ਅੱਜ ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ ਨਵੀਂ ਦਿੱਲੀ ਤੋਂ ਪ੍ਰਧਾਨ ਮੰਤਰੀ ਵੱਲੋਂ ਯੋਜਨਾ ਦੀ ਰਸਮੀ ਸ਼ੁਰੂਆਤ ਦਾ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ। ਇੱਥੇ ਕਰਵਾਏ ਗਏ ਅੱਜ ਦੇ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ 700 ਤੋਂ ਵੱਧ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੇ ਹਿੱਸਾ ਲਿਆ।
ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੈ ਕਿ ਅਸੰਗਠਿਤ ਖੇਤਰ ਦੇ ਅਜਿਹੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਜੀਵਨ ਵਿੱਚ ਤਰੱਕੀ ਕਰਨ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਆਰਥਿਕ ਤੌਰ 'ਤੇ ਲਾਭ ਪਹੁੰਚਾਇਆ ਜਾ ਰਿਹਾ ਹੈ। ਇਸ ਯੋਜਨਾ ਦੇ ਤਹਿਤ 18 ਰਵਾਇਤੀ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ 18 ਵਰਗਾਂ ਨੂੰ ਲਾਭ ਮਿਲੇਗਾ ਜਿਹੜੇ ਸਵੈ-ਰੁਜ਼ਗਾਰ ਤਹਿਤ ਆਉਂਦੇ ਹਨ ਅਤੇ ਗੈਰ-ਸੰਗਠਿਤ ਖੇਤਰ ਦੇ ਅਧੀਨ ਕੰਮ ਕਰਦੇ ਹਨ। ਉਨ੍ਹਾਂ ਨੇ ਸਾਰੇ ਕਾਰੀਗਰ ਅਤੇ ਸ਼ਿਲਪਕਾਰਾਂ ਨੂੰ ਇਸ ਯੋਜਨਾ ਦਾ ਲਾਭ ਲੈਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਇੱਕ ਕੇਂਦਰੀ ਸਹਾਇਤਾ ਪ੍ਰਾਪਤ ਯੋਜਨਾ ਹੈ ਜਿਸ ਦੇ ਤਹਿਤ 13000 ਕਰੋੜ ਰੁਪਏ ਦੀ ਵਿੱਤੀ ਵਿਵਸਥਾ ਦਿੱਤੀ ਜਾਵੇਗੀ। ਇਸ ਸਕੀਮ ਦਾ ਮੰਤਵ ਗੁਰੂ-ਚੇਲਾ ਪਰੰਪਰਾ ਜਾਂ ਆਪਣੇ ਹੱਥਾਂ ਅਤੇ ਸੰਦਾਂ ਨਾਲ ਕੰਮ ਕਰਨ ਵਾਲੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਵਲੋਂ ਰਵਾਇਤੀ ਹੁਨਰ ਦੇ ਪਰਿਵਾਰ-ਆਧਾਰਿਤ ਕੰਮਾਂ ਨੂੰ ਮਜ਼ਬੂਤ ਕਰਨ ਅਤੇ ਕਾਮਿਆਂ ਦਾ ਪਾਲਣ ਪੋਸ਼ਣ ਕਰਨਾ ਹੈ। ਇਹ ਪੂਰੇ ਭਾਰਤ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਤੋਂ ਸਹਾਇਤਾ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਰਟੀਫਿਕੇਟ ਅਤੇ ਆਈਡੀ ਕਾਰਡ ਸਮੇਤ ਵੱਖ-ਵੱਖ ਉਪਰਾਲਿਆਂ ਰਾਹੀਂ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਹਰ ਕਦਮ 'ਤੇ ਸਹਾਇਤਾ ਪ੍ਰਦਾਨ ਕਰਨ ਦੀ ਯੋਜਨਾ ਹੈ। ਇਹ ਸਕੀਮ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਵਿਸ਼ਵਕਰਮਾਂ ਕਾਮਿਆਂ ਵਜੋਂ ਮਾਨਤਾ ਦਿੰਦੀ ਹੈ ਅਤੇ ਉਨ੍ਹਾਂ ਨੂੰ ਹਰ ਕਿਸਮ ਦੇ ਲਾਭ ਲੈਣ ਦੇ ਯੋਗ ਬਣਾਉਂਦੀ ਹੈ। ਇਸ ਤਹਿਤ ਵਿਸ਼ਵਕਰਮਾ ਭਰਾਵਾਂ ਅਤੇ ਭੈਣਾਂ ਲਈ 3 ਲੱਖ ਰੁਪਏ ਤੱਕ ਦਾ ਬਿਨ੍ਹਾਂ ਗਰੰਟੀ ਕਰਜ਼ਾ ਸ਼ਾਮਲ ਹੈ। ਲਾਭਪਾਤਰੀਆਂ ਨੂੰ 15,000 ਰੁਪਏ ਤੱਕ ਦੀਆਂ ਟੂਲ ਕਿੱਟਾਂ, ਹੁਨਰ ਨੂੰ ਅਪਗ੍ਰੇਡ ਕਰਨ ਲਈ ਸਿਖਲਾਈ ਅਤੇ ਪ੍ਰਤੀ ਦਿਨ 500 ਰੁਪਏ ਤੱਕ ਦਾ ਵਜ਼ੀਫ਼ਾ, ਤਿਆਰ ਉਤਪਾਦਾਂ ਲਈ ਗੁਣਵੱਤਾ ਪ੍ਰਮਾਣੀਕਰਣ, ਬ੍ਰਾਂਡਿੰਗ ਅਤੇ ਇਸ਼ਤਿਹਾਰਬਾਜ਼ੀ ਵਰਗੀ ਮਾਰਕੀਟਿੰਗ ਸਹਾਇਤਾ ਦਿੱਤੀ ਜਾਵੇਗੀ।
ਜਿਨ੍ਹਾਂ ਨੂੰ ਇਸ ਤੋਂ ਲਾਭ ਹੋਵੇਗਾ ਉਨ੍ਹਾਂ ਵਿੱਚ ਲੱਕੜ ਅਧਾਰਤ ਵਪਾਰ ਵਿੱਚ ਤਰਖਾਣ, ਕਿਸ਼ਤੀ ਬਣਾਉਣ ਵਾਲੇ, ਲੋਹਾ/ਧਾਤੂ ਅਧਾਰਤ/ਪੱਥਰ ਅਧਾਰਤ ਵਪਾਰ ਵਿੱਚ ਕੰਮ ਕਰਨ ਵਾਲੇ, ਲੋਹਾਰ, ਹਥੌੜੇ ਅਤੇ ਟੂਲ ਕਿੱਟ ਬਣਾਉਣ ਵਾਲੇ, ਤਾਲੇ ਬਣਾਉਣ ਵਾਲੇ, ਮੂਰਤੀਕਾਰ, ਪੱਥਰ ਨਾਲ ਮੂਰਤੀ ਬਣਾਉਣ ਵਾਲੇ, ਪੱਥਰ ਤੋੜਨ ਵਾਲੇ, ਸੁਨਿਆਰੇ, ਘੁਮਿਆਰ, ਮੋਚੀ, ਟੋਕਰੀ/ਝਾੜੂ/ਚਟਾਈ ਬਣਾਉਣ ਵਾਲੇ, ਨਾਈ, ਮਾਲਾ ਬਣਾਉਣ ਵਾਲੇ, ਦਰਜ਼ੀ, ਧੋਬੀ, ਮੱਛੀ ਫੜਨ ਵਾਲੇ ਜਾਲ ਬਣਾਉਣ ਵਾਲੇ, ਵਰਗਾਂ ਨੂੰ ਫਾਇਦਾ ਦੇਣ ਵੱਲ ਵਿਸ਼ੇਸ਼ ਧਿਆਨ ਦਿਤਾ ਗਿਆ ਹੈ, ਜਿਹੜੇ ਰਵਾਇਤੀ ਤਕਨੀਕਾਂ ਦੀ ਵਰਤੋਂ ਕਰਕੇ ਅਜਿਹੀ ਸਮੱਗਰੀ ਤਿਆਰ ਕਰਨ ਲਈ ਹੱਥੀਂ ਕੰਮ ਕਰਦੇ ਹਨ। ਗੁੱਡੀ ਅਤੇ ਖਿਡੌਣਾ ਬਣਾਉਣ ਵਾਲੇ (ਰਵਾਇਤੀ) ਕਾਰੀਗਰ ਜਿਹੜੇ ਆਪਣੇ ਹੱਥਾਂ ਅਤੇ ਸੰਦਾਂ ਦੀ ਵਰਤੋਂ ਉੱਨ, ਧਾਗਾ, ਕਪਾਹ, ਲੱਕੜ ਆਦਿ ਵਰਗੀਆਂ ਸਮੱਗਰੀਆਂ ਦੀ ਵਰਤੋਂ ਕਰਕੇ ਗੁੱਡੀਆਂ ਅਤੇ ਖਿਡੌਣੇ ਬਣਾਉਣ ਲਈ ਕਰਦੇ ਹਨ, ਉਹ ਵੀ ਇਸ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦਾ ਹਿੱਸਾ ਹਨ। ,
Comments