ਲੁਧਿਆਣਾ, 10 ਅਪ੍ਰੈਲ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਵਲੋਂ ਨਗਰ ਸੁਧਾਰ ਟਰੱਸਟ ਲੁਧਿਆਣਾ ਦੁਆਰਾ ਅਟਲ ਅਪਾਰਟਮੈਂਟ ਸਕੀਮ ਤਹਿਤ ਬਣਾਏ ਜਾਣ ਵਾਲੇ ਫਲੈਟਾਂ ਦੇ 487 ਸਫਲ ਬਿਨੈਕਾਰਾਂ ਨੂੰ ਅਲਾਟਮੈਂਟ ਪੱਤਰ ਸੌਂਪੇ ਗਏ। ਇਸ ਸਕੀਮ ਤਹਿਤ ਸ਼ਹਿਰ ਦੇ ਸ਼ਹੀਦ ਕਰਨੈਲ ਸਿੰਘ ਨਗਰ ਇਲਾਕੇ ਵਿੱਚ 8.80 ਏਕੜ ਜ਼ਮੀਨ ਵਿੱਚ 336 ਐਚ.ਆਈ.ਜੀ. ਅਤੇ 240 ਐਮ.ਆਈ.ਜੀ. ਫਲੈਟ ਬਣਾਏ ਜਾਣਗੇ।
ਸਥਾਨਕ ਨਹਿਰੂ ਸਿਧਾਂਤ ਕੇਂਦਰ ਵਿਖੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਬਾਰਾਂ ਮੰਜ਼ਿਲਾ ਰਿਹਾਇਸ਼ੀ ਭੂਚਾਲ ਰੋਧਕ ਟਾਵਰ ਬਣਾਏ ਜਾਣਗੇ ਅਤੇ ਇਨ੍ਹਾਂ ਅਪਾਰਟਮੈਂਟਾਂ ਵਿਚ ਸਵਿਮਿੰਗ ਪੂਲ, ਜਿਮਨੇਜ਼ੀਅਮ, ਗ੍ਰੀਨ ਪਾਰਕ, ਕਲੱਬ ਹਾਊਸ, ਸੀ.ਸੀ.ਟੀ.ਵੀ., 24 ਘੰਟੇ ਪਾਣੀ ਦੀ ਸਪਲਾਈ, ਟੇਬਲ-ਟੈਨਿਸ ਕਮਰੇ, ਮਲਟੀਪਰਪਜ਼ ਹਾਲ, ਚੌਵੀ ਘੰਟੇ ਪਾਵਰ ਬੈਕਅਪ ਵਾਲੀਆਂ ਡਬਲ ਲਿਫਟਾਂ, ਹਰੇਕ ਫਲੈਟ ਵਿੱਚ ਵੀਡੀਓ-ਡੋਰ ਫੋਨ, ਵੱਡੀਆਂ ਬਾਲਕੋਨੀਆਂ, ਫਾਇਰ ਹਾਈਡ੍ਰੈਂਟ ਸਿਸਟਮ, ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਛੋਟੇ ਵਪਾਰਕ ਕੇਂਦਰ ਅਤੇ ਵੱਖਰੀ ਪੰਜ ਮੰਜ਼ਿਲਾ ਪਾਰਕਿੰਗ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਪ੍ਰਾਜੈਕਟ ਅਧੀਨ 75 ਫੀਸਦ ਰਕਬਾ ਵਾਤਾਵਰਨ ਪੱਖੀ ਵੱਖ-ਵੱਖ ਕਾਰਜ਼ਾਂ ਲਈ ਖਾਲੀ ਰੱਖਿਆ ਜਾਵੇਗਾ।
ਕੈਬਨਿਟ ਮੰਤਰੀ ਨਿੱਝਰ ਨੇ ਦੱਸਿਆ ਕਿ ਇਹ ਫਲੈਟ ਨਗਰ ਸੁਧਾਰ ਟਰੱਸਟ ਲੁਧਿਆਣਾ ਵੱਲੋਂ ਅਗਲੇ ਤਿੰਨ ਸਾਲਾਂ ਵਿੱਚ ਉਸਾਰੇ ਜਾਣਗੇ, ਜਿਸ ਦਾ ਕਬਜ਼ਾ 100 ਫੀਸਦੀ ਸਵੈ-ਵਿੱਤੀ ਢੰਗ ਨਾਲ ਅਤੇ ਅਲਾਟੀਆਂ ਨੂੰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 576 ਫਲੈਟਾਂ (336 ਐਚ.ਆਈ.ਜੀ. ਅਤੇ 151 ਐਮ.ਆਈ.ਜੀ. ਅਰਜ਼ੀਆਂ ਲਈ) ਲਈ ਡਰਾਅ 16 ਜੂਨ, 2022 ਨੂੰ ਕੱਢਿਆ ਗਿਆ ਸੀ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਥਾਨਕ ਵਸਨੀਕਾਂ ਨੂੰ ਸਸਤੇ ਘਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਫਲੈਟਾਂ ਦੀ ਸਮੇਂ ਸਿਰ ਉਸਾਰੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ 24 ਘੰਟੇ ਕੰਮ ਕਰ ਰਹੀ ਹੈ ਅਤੇ ਲੁਧਿਆਣਾ ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਵੀ ਉਲੀਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਕੰਮ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਅਤੇ ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਣ ਨੂੰ ਯਕੀਨੀ ਬਣਾਉਣ।
ਇਸ ਮੌਕੇ ਹਲਕਾ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਗੁਰਪ੍ਰੀਤ ਬੱਸੀ ਗੋਗੀ, ਚੇਅਰਮੈਨ ਨਗਰ ਸੁਧਾਰ ਟਰੱਸਟ ਤਰਸੇਮ ਸਿੰਘ ਭਿੰਡਰ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਸੁਰੇਸ਼ ਗੋਇਲ, ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਅਹਿਬਾਬ ਸਿੰਘ ਗਰੇਵਾਲ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
Comments