google-site-verification=ILda1dC6H-W6AIvmbNGGfu4HX55pqigU6f5bwsHOTeM
top of page

ਮੋਤੀ ਮਹਿਲ ਅੱਗੇ ਕਿਸਾਨਾਂ ਨੇ ਕੇਂਦਰ ਖਿਲਾਫ਼ ਕੀਤੀ ਨਾਅਰੇਬਾਜ਼ੀ, ਸ਼ੰਭੂ-ਖਨੌਰੀ ਸਰਹੱਦਾਂ ’ਤੇ ਕਿਸਾਨਾਂ-ਮਜ਼ਦੂਰਾਂ ’ਤੇ ਕੀਤੇ ਤਸ਼ੱਦਦ ਦਾ ਵਿਰੋਧ

19/02/2024

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੇਂਦਰ ਪਾਸੋਂ ਕਿਸਾਨੀ ਮੰਗਾਂ ਨੂੰ ਮਨਵਾਉਣ ਲਈ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਨਿਵਾਸ ਮੋਤੀ ਮਹਿਲ ਅੱਗੇ ਧਰਨਾ ਦਿੱਤਾ ਗਿਆ। ਜਥੇਬੰਦੀ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਜਸਵਿੰਦਰ ਸਿੰਘ ਬਰਾਸ, ਸੰਗਰੂਰ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਮਲੇਰਕੋਟਲਾ ਦੇ ਜਨਰਲ ਸਕੱਤਰ ਕੇਵਲ ਸਿੰਘ ਭੜੀ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਕਮੇਟੀ ਦੇ ਸੱਦੇ ’ਤੇ ਪਟਿਆਲਾ ਵਿਖੇ ਕੈਪਟਨ ਦੇ ਨਿਵਾਸ ਅੱਗੇ ਦੂਜੇ ਦਿਨ (ਐਤਵਾਰ) ਵੀ ਇਹ ਧਰਨਾ ਜਾਰੀ ਰਿਹਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਸੰਘਰਸ਼ਸ਼ੀਲ ਕਿਸਾਨਾਂ ਪ੍ਰਤੀ ਤਸ਼ੱਦਦ ਭਰੇ ਜਬਰ ਰਵੱਈਏ ਅਤੇ ਕੇਂਦਰ ਨਾਲ ਸਬੰਧਤ ਹੱਕੀ ਮੰਗਾਂ ਮੰਨਣ ਤੋਂ ਵਾਰ-ਵਾਰ ਨਾਂਹ ਵਾਲੇ ਵਤੀਰੇ ਨੂੰ ਮੁੱਖ ਰੱਖਦਿਆਂ ਸ਼ੰਭੂ ਅਤੇ ਖਨੌਰੀ ਸਰਹੱਦਾਂ ’ਤੇ ਚੱਲ ਰਹੇ ਧਰਨਿਆਂ ’ਚ ਡਟੇ ਕਿਸਾਨਾਂ-ਮਜ਼ਦੂਰਾਂ ਨਾਲ ਜੀਅ-ਜਾਨ ਨਾਲ ਕੁੱਦਣ ਦਾ ਉਗਰਾਹਾਂ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਹੈ।


ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਆਪਣੇ ਸੰਬੋਧਨ ’ਚ ਆਖਿਆ ਕਿ ਪੂਰੇ ਪੰਜਾਬ ਅੰਦਰ ਸ਼ਨਿਚਰਵਾਰ ਅਤੇ ਐਤਵਾਰ ਵਾਲੇ ਦਿਨ ਟੋਲ ਪਲਾਜ਼ੇ ਮੁਫ਼ਤ ਰਹੇ। ਉਨ੍ਹਾਂ ਕਿਹਾ ਕਿ ਸ਼ੰਭੂ ਅਤੇ ਖਨੌਰੀ ਸਰਹੱਦਾਂ ’ਤੇ ਮੌਜੂਦਾ ਭਾਜਪਾ ਹਕੂਮਤ ਵੱਲੋਂ ਆਪਣੇ ਪੁਲਿਸ ਬਲ ਰਾਹੀਂ ਸੰਘਰਸ਼ੀ ਕਿਸਾਨਾਂ-ਮਜ਼ਦੂਰਾਂ ’ਤੇ ਅੰਨ੍ਹੇਵਾਹ ਰਬੜ ਦੀਆਂ ਗੋਲੀਆਂ ਦੀ ਫਾਇਰਿੰਗ ਕਰਵਾਉਣਾ, ਗੈਸੀ ਗੋਲੇ ਦਾਗਣਾ ਜਾਂ ਡਾਂਗਾਂ ਵਰ੍ਹਾਉਣੀਆਂ ਅਤਿ ਨਿੰਦਣਯੋਗ ਹੈ। ਆਗੂਆਂ ਨੇ ਕਿਹਾ ਕਿ ਭਾਕਿਯੂ ਏਕਤਾ ਉਗਰਾਹਾਂ ਭਾਜਪਾ-ਮੋਦੀ ਹਕੂਮਤ ਦੀ ਕਿਸਾਨਾਂ ਪ੍ਰਤੀ ਅਜਿਹੀ ਕਾਰਵਾਈ ਦਾ ਜਿੱਥੇ ਪੁਰਜ਼ੋਰ ਵਿਰੋਧ ਕਰਦੀ ਹੈ, ਉੱਥੇ ਹੀ ਸੰਘਰਸ਼ੀ ਯੋਧਿਆਂ ਦਾ ਸਮਰਥਨ ਕਰਦੀ ਹੈ। ਇਸ ਮੌਕੇ ਦਰਬਾਰਾ ਸਿੰਘ ਛਾਜਲਾ, ਗੋਬਿੰਦਰ ਸਿੰਘ ਮੰਗਵਾਲ ਸਮੇਤ ਬਹੁਤ ਸਾਰੇ ਕਿਸਾਨ ਆਗੂ ਹਾਜ਼ਰ ਸਨ। ਇਸ ਧਰਨੇ ’ਚ ਵੱਡੀ ਗਿਣਤੀ ’ਚ ਕਿਸਾਨ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।


  • ਹੁਣ ਮੋਤੀ ਮਹਿਲ ਅੱਗੇ 22 ਤੱਕ ਚੱਲੇਗਾ ਧਰਨਾ


ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਨੇ ਦੱਸਿਆ ਕਿ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਨਿਵਾਸ ਮੋਤੀ ਮਹਿਲ ਅੱਗੇ ਸ਼ਨਿਚਰਵਾਰ ਨੂੰ ਸ਼ੁਰੂ ਕੀਤਾ 2 ਰੋਜ਼ਾ ਧਰਨਾ ਹੁਣ ਹੋਰ ਅੱਗੇ ਵਧਾ ਦਿੱਤਾ ਗਿਆ ਹੈ, ਜੋ ਕਿ 22 ਫਰਵਰੀ (ਵੀਰਵਾਰ) ਤੱਕ ਜਾਰੀ ਰਹੇਗਾ।



Comments


Logo-LudhianaPlusColorChange_edited.png
bottom of page