10/01/2024
ਚੰਡੀਗੜ੍ਹ ਅੰਬਾਲਾ ਨੈਸ਼ਨਲ ਹਾਈਵੇਅ ’ਤੇ ਸਥਿਤ ਡੇਰਾਬੱਸੀ ਰੇਲਵੇ ਫ਼ਲਾਈ ਓਵਰ ਉਪਰ ਅੱਜ ਦੁਪਹਿਰ ਵਾਪਰੇ ਹਾਦਸੇ ਵਿੱਚ 23 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਨਬੀ ਪੁਰ, ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਰੂਪ ਵਜੋਂ ਹੋਈ ਹੈ। ਨੌਜਵਾਨ ਦੀ ਮੌਤ ਦੀ ਖਬਰ ਸੁਣਕੇ ਪਰਿਵਾਰ ’ਚ ਮਾਤਮ ਛਾ ਗਿਆ। ਮਾਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਮਨਿੰਦਰ ਕਰੀਬ 2 ਮਹੀਨੇ ਪਹਿਲਾਂ ਬਰਵਾਲਾ ਰਹਿੰਦੇ ਆਪਣੇ ਮਾਮੇ ਕੌਲ ਰਹਿਣ ਲੱਗ ਗਿਆ ਸੀ। ਉਸ ਨੇ ਪਿੰਡ ਭਾਂਖਰਪੁਰ ਵਿੱਖੇ ਆਊਟ ਲਾਜ਼ ਟੈਟੂ ਦੇ ਨਾਂਅ ਤੋ ਦੁਕਾਨ ਕੀਤੀ ਹੋਈ ਸੀ। ਅੱਜ ਸਵੇਰੇ ਉਸਦੀ ਮਾਤਾ ਉਸਦੇ ਮਾਮੇ ਨੂੰ ਮਿਲਣ ਮਗਰੋਂ ਡੇਰਾਬੱਸੀ ਬੱਸ ਸਟੈਂਡ ਤੇ ਮੌਜੂਦ ਸੀ ਜੋਂ ਆਪਣੇ ਪੁੱਤਰ ਦੀ ਦੁਕਾਨ ਤੇ ਵੀ ਜਾਣ ਨੂੰ ਆਖ ਰਹੀ ਸੀ। ਇਸ ਦੌਰਾਨ ਮਨਿੰਦਰ ਨੇ ਆਪਣੀ ਮਾਂ ਨੂੰ ਡੇਰਾਬੱਸੀ ਬੱਸ ਸਟੈਂਡ ਤੇ ਹੀ ਰੁਕਣ ਨੂੰ ਆਖਿਆ ਅਤੇ ਆਪ ਦੁਕਾਨ ਬੰਦ ਕਰਕੇ ਮਾਂ ਨੂੰ ਮਿਲਣ ਲਈ ਭਾਂਖਰਪੁਰ ਤੋ ਡੇਰਾਬੱਸੀ ਵੱਲ ਮੋਟਰਸਾਈਕਲਾਂ ਤੇ ਸਵਾਰ ਹੋਕੇ ਤੁਰ ਪਿਆ। ਜਦੋਂ ਉਹ ਰੇਲਵੇ ਫਲਾਈ ਓਵਰ ਦੇ ਅੱਧ ਵਿਚਾਲੇ ਬਣਿਆ ਮੋੜ ਮੁੜਦੇ ਹੋਏ ਪਿੱਛੇ ਵੇਖਣ ਲੱਗਾ ਤਾਂ ਉਸਦਾ ਮੋਟਰਸਾਈਕਲ ਸੜਕ ਕਿਨਾਰੇ ਬਣੇ ਫੁੱਟਪਾਥ ਨਾਲ ਟਕਰਾ ਗਿਆ। ਇਸੇ ਦੌਰਾਨ ਮੋਟਰਸਾਈਕਲ ਸਵਾਰ ਮਨਿੰਦਰ ਸਿੰਘ ਹੇਠਾਂ ਡਿੱਗ ਗਿਆ ਅਤੇ ਉਸਦਾ ਸਿਰ ਫੁੱਟਪਾਥ ਨਾਲ ਟਕਰਾ ਗਿਆ। ਰਾਹਗੀਰਾਂ ਨੇ ਉਸਨੂੰ ਚੁੱਕ ਕੇ ਡੇਰਾਬੱਸੀ ਦੇ ਸਿਵਲ ਹਸਪਤਾਲ ’ਚ ਪਹੁੰਚਿਆ। ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੀ ਮਾਂ ਵਿਰਾਲਪ ਕਰਦੀ ਰੱਬ ਨੂੰ ਕੋਸ ਰਹੀ ਸੀ ਕਿ ਉਹ ਆਪਣੇ ਪੁੱਤ ਨੂੰ ਮਿਲਣ ਲਈ ਨਾ ਕਹਿੰਦੀ ਦਾ ਉਸਦਾ ਪੁੱਤ ਹਾਦਸੇ ਦਾ ਸ਼ਕਿਾਰ ਨਾ ਹੁੰਦਾ। ਮ੍ਰਿਤਕ ਦਾ ਪਿਓ ਕਲੀਨਿਕ ਕਰਦਾ ਹੈ ਅਤੇ ਉਸਦੀ ਇਕ ਛੋਟੀ ਭੈਣ ਹੈ। ਡਾਕਟਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ਅਤੇ ਹੋਰ ਮੂੰਹ ਉਪਰ ਸੱਟ ਲਗੀ ਹੈ। ਸਿਰ ’ਚ ਸੱਟ ਲੱਗਣ ਕਾਰਨ ਉਸਦੀ ਮੌਤ ਹੋਈ ਹੈ।
Comments