04/02/2024
ਪਠਾਨਕੋਟ ਦੇ ਚਮਰੋੜ ਪੱਤਣ (ਮਿੰਨੀ ਗੋਆ) ਵਿਖੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬੀ ਐੱਨਆਰਆਈ ਮਿਲਣੀ ਪ੍ਰੋਗਰਾਮ ਕੀਤਾ ਗਿਆ। ਪ੍ਰੋਗਰਾਮ 'ਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ, ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਕਈ ਵਿਧਾਇਕਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਇਸ ਪੰਜਾਬੀ ਐੱਨਆਰਆਈ ਮਿਲਣੀ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆਏ ਸੈਂਕੜਿਆਂ ਦੀ ਗਿਣਤੀ ਵਿੱਚ ਐੱਨਆਰਆਈਜ਼ ਨੇ ਭਾਗ ਲਿਆ। ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਠਾਨਕੋਟ ਦੇ ਮਿੰਨੀ ਗੋਆ ਵਿਖੇ ਇਸ ਮਿਲਣੀ ਨੂੰ ਰੱਖਣ ਦਾ ਮੰਤਵ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਪੰਜਾਬ ਦੀ ਇਸ ਖ਼ੂਬਸੂਰਤੀ ਬਾਰੇ ਜਾਣੂ ਕਰਵਾਇਆ ਜਾਵੇ। ਉਹਨਾਂ ਦੱਸਿਆ ਕਿ ਦੁਨੀਆਂ ਭਰ ਤੋਂ ਆਏ ਪੰਜਾਬੀ ਹੈਲੋ ਇਸ ਜਗ੍ਹਾ ਬਾਰੇ ਹੁਣ ਦੁਨੀਆ ਭਰ ਵਿੱਚ ਦੱਸਣਗੇ ਤੇ ਇਹ ਦੁਨੀਆ ਭਰ ਵਿੱਚ ਪ੍ਰਸਿੱਧ ਹੋਵੇਗੀ।
ਮੁੱਖ ਮੰਤਰੀ ਪੰਜਾਬ ਨੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਪੰਜਾਬ ਵਿੱਚ ਆ ਕੇ ਨਿਵੇਸ਼ ਕਰਨ ਲਈ ਅਪੀਲ ਕੀਤੀ ਹੈ।ਉਹਨਾਂ ਦੱਸਿਆ ਕਿ ਹੁਣ ਪੰਜਾਬ ਵਿੱਚ ਪਹਿਲੀਆਂ ਸਰਕਾਰਾਂ ਵਾਂਗ ਲੋਕਾਂ ਨੂੰ ਨਵਾਂ ਕੰਮ ਸ਼ੁਰੂ ਕਰਨ ਲਈ ਖੱਜਲ ਖੁਆਰ ਨਹੀਂ ਹੋਣਾ ਪਵੇਗਾ ।ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇੱਕੋ ਹੀ ਦਫ਼ਤਰ ਵਿੱਚ ਸਾਰੇ ਹੀ ਸਰਕਾਰੀ ਕੰਮ ਆਸਾਨੀ ਨਾਲ ਹੋ ਸਕਣਗੇ । ਇਸ ਮੌਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਐੱਨਆਰਆਈ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਨਾਲ ਹੀ ਉਹਨਾਂ ਦੱਸਿਆ ਕਿ ਆਏ ਸਤਵਿੰਦਰ ਸਿੰਘ ਸੱਗੂ ਅਤੇ ਹਰੀਸ਼ ਦਾਸ ਮਿੰਨੀ ਗੋਆ ਲਈ 50 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨ ਨੂੰ ਤਿਆਰ ਹਨ। ਇਸ ਐੱਨਆਰਆਈ ਮਿਲਣੀ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਐੱਨਆਰਆਈ ਨੂੰ ਆ ਰਹੀਆਂ ਵੱਖ-ਵੱਖ ਪਰੇਸ਼ਾਨੀਆਂ ਦੇ ਮੁੱਦੇ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
Comments