16/01/2024
ਡਾਬਾ ਰੋਡ ਸਥਿਤ ਖ਼ਾਲਸਾ ਸੀਮੇਂਟ ਸਟੋਰ ਨੇੜੇ ਰੰਜਿਸ਼ਨ ਬਦਮਾਸ਼ਾਂ ਨੇ ਇਕ ਵਿਅਕਤੀ ’ਤੇ ਬੋਤਲਾਂ ਤੇ ਡੰਡਿਆਂ ਨਾਲ ਹਮਲਾ ਕਰ ਕੇ ਉਸ ਨੂੰ ਅੱਧ ਮਰਿਆ ਕਰ ਦਿੱਤਾ। ਲੋਕਾਂ ਨੇ ਇਸ ਦੀ ਸੂਚਨਾ ਪਵਨ ਕੁਮਾਰ (45) ਦੇ ਭਰਾ ਸੰਜੀਵ ਨੂੰ ਦਿੱਤੀ। ਉਸ ਨੇ ਮੌਕੇ ’ਤੇ ਪਹੁੰਚ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ ਲਗਾਉਂਦੇ ਹੋਏ ਸੰਜੀਵ ਨੇ ਦੱਸਿਆ ਕਿ ਉਸ ਦਾ ਭਰਾ ਪਵਨ ਹੌਜ਼ਰੀ ਫੈਕਟਰੀ ’ਚ ਕੰਮ ਕਰਦਾ ਸੀ। ਉਸ ਦੀਆਂ ਦੋ ਬੇਟੀਆਂ, ਜੋ ਕਿ ਮੁਕੇਰੀਆਂ ਵਿਖੇ ਰਹਿੰਦੀਆਂ ਹਨ। ਉਸ ਆਪਣੇ ਭਰਾ ਨਾਲ ਕਿਰਾਏ ’ਤੇ ਰਹਿੰਦਾ ਹੈ।
ਐਤਵਾਰ ਨੂੰ ਇਲਾਕੇ ’ਚ ਇਕ ਚਾਹ ਦੀ ਦੁਕਾਨ ’ਤੇ ਉਸ ਦਾ ਭਰਾ ਪਵਨ ਚਾਹ ਲੈਣ ਗਿਆ ਸੀ। ਇਸ ਦੌਰਾਨ ਉਸ ਦੀ ਦੁਕਾਨ ਮਾਲਕ ਨਾਲ ਬਹਿਸ ਹੋ ਗਈ। ਦੁਕਾਨ ਮਾਲਕ ਨੇ ਉਸ ਨੂੰ ਗਾਲ ਕੱਢ ਦਿੱਤੀ, ਜਿਸ ’ਤੇ ਪਵਨ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਗੱਲ ਤੋਂ ਦੁਕਾਨਦਾਰ ਨੇ ਰੰਜਿਸ਼ ਰੱਖ ਲਈ। ਸੋਮਵਾਰ ਰਾਤ ਪਵਨ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਡਾਬਾ ਰੋਡ ’ਤੇ ਦੁਕਾਨਦਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੌੜਾ-ਦੌੜਾ ਕੇ ਉਸ ਨੂੰ ਕੁੱਟਿਆ। ਜਦ ਉਹ ਡਿੱਗ ਪਿਆ ਤਾਂ ਉਸ ਦੇ ਸਿਰ ’ਚ ਕੱਚ ਦੀਆਂ ਬੋਤਲਾਂ ਮਾਰੀਆਂ ਤੇ ਡੰਡਿਆਂ ਨਾਲ ਵਾਰ ਕੀਤੇ। ਜਦ ਉਹ ਬੇਸੁੱਧ ਹੋ ਗਿਆ ਤਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਜਦ ਤਕ ਉਸ ਨੂੰ ਹਸਪਤਾਲ ਪਹੁੰਚਾਇਆ, ਉਸ ਦੀ ਮੌਤ ਹੋ ਚੁੱਕੀ ਸੀ।
ਮੁਕੇਰੀਆਂ ’ਚ ਪਸਰਿਆ ਮਾਤਮ
ਪਵਨ ਦੀ ਮੌਤ ਦੀ ਖ਼ਬਰ ਜਦ ਉਸ ਦੇ ਪਰਿਵਾਰ ਨੂੰ ਮੁਕੇਰੀਆਂ ’ਚ ਦਿੱਤੀ ਤਾਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਿ੍ਰਤਕ ਦੀਆਂ ਧੀਆਂ ਬੇਸੁੱਧ ਹੋ ਗਈਆਂ ਤੇ। ਦੇਰ ਰਾਤ ਪਰਿਵਾਰ ਮੁਕੇਰੀਆਂ ਤੋਂ ਲੁਧਿਆਣਾ ਲਈ ਨਿਕਲ ਪਿਆ ਸੀ। ਮੰਗਲਵਾਰ ਨੂੰ ਡਾਕਟਰਾਂ ਦੇ ਬੋਰਡ ਦੀ ਨਿਗਰਾਨੀ ’ਚ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।
Comments