31/01/2024
ਮੁਅੱਤਲ ਪੁਲਿਸ ਅਧਿਕਾਰੀ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸਿੱਧੂ ਦੇ ਖ਼ਿਲਾਫ਼ ਹੁਣ ਮੁਹਾਲੀ ਦੇ ਫੇਜ਼ 8 ਥਾਣਾ ਪੁਲਿਸ ਨੇ ਆਈਪੀਸੀ ਦੀ ਧਾਰਾ 384, 34 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਕੇ ਪ੍ਰੋਡਕਸ਼ਨ ਵਾਰੰਟ ’ਤੇ ਮੁਹਾਲੀ ਲਿਆਂਦਾ ਤੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ।
ਪਤਾ ਚੱਲਿਆ ਹੈ ਕਿ ਵਿਜੀਲੈਂਸ ਦਫ਼ਤਰ ’ਚ ਪੁੱਛਗਿੱਛ ਮੌਕੇ ਹੰਗਾਮੇ ਦੌਰਾਨ ਏਆਈਜੀ ਮਾਲਵਿੰਦਰ ਸਿੰਘ ਕੋਲੋਂ ਇਕ ਰਿਕਾਰਡਰ ਬਰਾਮਦ ਹੋਇਆ ਸੀ। ਇਸ ਰਿਕਾਰਡਰ ਨੂੰ ਜਾਂਚ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ ਭੇਜਿਆ ਗਿਆ ਸੀ। ਇਸ ਸਬੰਧੀ ਫੋਰੈਂਸਿਕ ਸਾਇੰਸ ਲੈਬਾਰਟਰੀ ਵੱਲੋਂ ਕੀਤੀ ਗਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਬਕਾ ਏਆਈਜੀ ਅਤੇ ਉਸ ਦੇ ਸਾਥੀ ਵੱਖ-ਵੱਖ ਲੋਕਾਂ ਤੋਂ ਸਲਾਹ ਦੇ ਕੇ ਪੈਸੇ ਮੰਗਦੇ ਸਨ। ਫੋਰੈਂਸਿਕ ਜਾਂਚ ਰਿਪੋਰਟ ਅੱਜ ਪੁਲਿਸ ਨੂੰ ਸੌਂਪੀ ਗਈ ਜਿਸ ਦੇ ਆਧਾਰ ’ਤੇ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਖ਼ਿਲਾਫ਼ ਨਵਾਂ ਕੇਸ ਦਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਾਬਕਾ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੂੰ ਸਰਕਾਰੀ ਅਧਿਕਾਰੀਆਂ ਤੋਂ ਰਿਸ਼ਵਤ ਲੈਣ ਲਈ ਬਲੈਕਮੇਲ ਕਰਨ ਦੇ ਮਾਮਲੇ ਵਿਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਵਿਜੀਲੈਂਸ ਦਫ਼ਤਰ ਵਿਚ ਕਾਫੀ ਹੰਗਾਮਾ ਕੀਤਾ। ਇਸ ਦੇ ਨਾਲ ਹੀ ਪੁਲਿਸ ਨੂੰ ਉਸ ਕੋਲੋਂ ਰਿਕਾਰਡਰ ਮਿਲਿਆ ਜਿਸ ਨੂੰ ਜਾਂਚ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ ਭੇਜਿਆ ਗਿਆ।
Comments