google-site-verification=ILda1dC6H-W6AIvmbNGGfu4HX55pqigU6f5bwsHOTeM
top of page

ਭਗਵਾਨ ਸ਼੍ਰੀ ਰਾਮ ਜੀ ਦੇ ਨਾਨਕੇ ਪਿੰਡ ਘੜਾਮ ’ਚ ਵੀ ਹੋਵੇਗਾ ਸਮਾਗਮ, ਪ੍ਰਾਣ ਪ੍ਰਤਿਸ਼ਠਾ ਨੂੰ ਸਮਰਪਿਤ ਯੱਗ ਤੇ ਆਰਤੀ ਦਾ ਕੀਤਾ ਜਾਵੇਗਾ ਆਯੋਜਨ

22/01/2024

ਜਿੱਥੇ ਭਗਵਾਨ ਸ਼੍ਰੀ ਰਾਮ ਜੀ ਨਗਰੀ ਅਯੁੱਧਿਆ ’ਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਸਬੰਧੀ ਹਰ ਪਾਸੇ ਉਤਸ਼ਾਹ ਹੈ, ਉਥੇ ਹੀ ਸ਼੍ਰੀ ਰਾਮ ਜੀ ਦੇ ਮਾਤਾ ਕੁਸ਼ੱਲਿਆ ਦੇਵੀ ਜੀ ਦੀ ਜਨਮ ਭੂਮੀ ਪਿੰਡ ਘੜਾਮ ਵਿਖੇ ਵੀ ਇਸ ਮੌਕੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿੱਥੇ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਸਮਰਪਿਤ ਯੱਗ ਤੇ ਆਰਤੀ ਦਾ ਆਯੋਜਨ ਕੀਤਾ ਜਾਵੇਗਾ।

ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ’ਚ ਸਥਿਤ ਘੜਾਮ ਪਿੰਡ ’ਚ ਪੁਰਾਤਨ ਕਿਲ੍ਹੇ ਦੇ ਥੇਹ ’ਤੇ ਮਾਤਾ ਕੁਸ਼ੱਲਿਆ ਜੀ (ਭਗਵਾਨ ਸ੍ਰੀ ਰਾਮ ਜੀ ਦੇ ਮਾਤਾ ਜੀ) ਦਾ ਮੰਦਰ ਸਥਾਪਤ ਹੈ ਅਤੇ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਇੱਥੇ ਹੀ ਮਾਤਾ ਕੁਸ਼ੱਲਿਆ ਦੇਵੀ ਜੀ ਦਾ ਜਨਮ ਹੋਇਆ ਸੀ ਤੇ ਉਨ੍ਹਾਂ ਦਾ ਵਿਆਹ ਵੀ ਇੱਥੇ ਹੀ ਹੋਇਆ ਸੀ। ਇਲਾਕਾ ਵਾਸੀਆ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਪੁਰਾਤਨ ਇਤਿਹਾਸਿਕ ਸਥਾਨ ਹੈ ਪ੍ਰੰਤੂ ਸਰਕਾਰਾਂ ਵੱਲੋਂ ਇਸ ਨੂੰ ਅਣਗੌਲਿਆ ਕੀਤਾ ਹੋਇਆ ਹੈ। ਕਈ ਖੋਜਕਾਰਾਂ ਨੇ ਵੀ ਇਸ ਸਥਾਨ ਦੀ ਮਹੱਤਤਾ ਸਬੰਧੀ ਖੋਜ ਕੀਤੀ ਹੈ। ਪੂਰੇ ਦੇਸ਼ ’ਚ ਹੋ ਰਹੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਨਾਲ-ਨਾਲ ਘੜਾਮ ਵਿਖੇ ਵੀ ਇਸੇ ਸਮੇਂ ਪ੍ਰੋਗਰਾਮ ਕੀਤਾ ਜਾਵੇਗਾ।


ਇਸ ਸਬੰਧੀ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦਿਆਂ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅਪੀਲ ਕੀਤੀ ਕਿ ਘੜਾਮ ਨੂੰ ਇਤਿਹਾਸਕ ਦਰਜਾ ਦਿਵਾਉਣ ਲਈ ਇੱਥੇ ਧਾਰਮਿਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ’ਚ ਸ਼ਿਰਕਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੇ ਦੱਸਣ ਅਨੁਸਾਰ ਇੱਥੇ ਭਗਵਾਨ ਸ਼੍ਰੀ ਰਾਮ ਦੀ ਜੀ ਮਾਤਾ ਕੁਸ਼ੱਲਿਆ ਦੇਵੀ ਜੀ ਦੇ ਨਾਨਕੇ ਸਨ, ਜਿਸ ਕਾਰਨ ਭਗਵਾਨ ਸ਼੍ਰੀ ਰਾਮ ਵੀ ਇੱਥੇ ਜ਼ਰੂਰ ਆਏ ਹੋਣਗੇ, ਇਸ ਲਈ ਇਸ ਸਥਾਨ ਦੀ ਪ੍ਰਾਚੀਨ ਮਹੱਤਤਾ ਸਬੰਧੀ ਲੋਕਾਂ ’ਚ ਗੱਲ ਪਹੁੰਚਾਉਣ ਲਈ ਇੱਥੇ ਧਾਰਮਿਕ ਸਮਾਗਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਥਾਨ ਨੂੰ ਪਵਿੱਤਰ ਸਥਾਨ ਵਜੋਂ ਵਿਕਸਿਤ ਕਰਨ ਲਈ ਚਾਰਾਜੋਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ 22 ਜਨਵਰੀ ਨੂੰ ਘੜਾਮ ਪਹੁੰਚ ਕੇ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਨ।


ਇਸੇ ਤਰ੍ਹਾਂ ਸ਼ਿਵ ਸੈਨਾ ਹਿੰਦੂਸਤਾਨ ਦੇ ਐਲਾਨ ਅਨੁਸਾਰ ਪਾਰਟੀ ਦੀ ਧਾਰਮਿਕ ਸ਼ਾਖਾ ਸ਼੍ਰੀ ਰਾਮ ਹਨੁਮਾਨ ਸੇਵਾ ਦਲ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਅਯੁੱਧਿਆ ’ਚ ਬਿਰਾਜਮਾਨ ਹੋਣ ਦੀ ਖ਼ੁਸ਼ੀ ’ਚ ਉਨ੍ਹਾਂ ਦੇ ਨਾਨਕਾ ਪਿੰਡ ਘੜਾਮ ਵਿਖੇ ਸਥਿਤ ਮਾਤਾ ਕੁਸ਼ੱਲਿਆ ਜੀ ਦੇ ਮੰਦਰ ’ਚ ਵਿਸ਼ਾਲ ਕੀਰਤਨ ਪ੍ਰੋਗਰਾਮ ਤੇ ਯੱਗ ਕੀਤਾ ਜਾਵੇਗਾ।

ਐਤਵਾਰ ਨੂੰ ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਂਦਿਆ ਸ਼ਿਵ ਸੈਨਾ ਹਿੰਦੂਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਦੱਸਿਆ ਕਿ ਜਿਵੇਂ ਆਯੁੱਧਿਆ ’ਚ ਭਗਵਾਨ ਸ੍ਰੀ ਰਾਮ ਜੀ ਦੇ ਬਿਰਾਜਮਾਨ ਹੋਣ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਉਵੇਂ ਹੀ ਸ਼੍ਰੀ ਰਾਮ ਜੀ ਦੇ ਨਾਨਕਾ ਪਿੰਡ ਘੜਾਮ ਵਿਖੇ ਵੀ ਸ਼ਿਵ ਸੈਨਾ ਹਿੰਦੂਸਤਾਨ ਵੱਲੋਂ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿੱਥੇ ਆਰਤੀ ਕਰਨ ਉਪਰੰਤ ਭੰਡਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਮਾਤਾ ਕੁਸ਼ੱਲਿਆ ਦੇ ਜਨਮ ਸਥਾਨ ਨੂੰ ਵਿਸ਼ਾਲ ਤੀਰਥ ਸਥਾਨ ਵਜੋਂ ਦਰਜਾ ਦਿਵਾਉਣਾ ਹੈ। ਉਨ੍ਹਾਂ ਦੱਸਿਆ ਕਿ ਮੰਦਰ ਨੂੰ ਸਜਾਵਟ ਕਰ ਕੇ ਖ਼ੂਬਸੁਰਤ ਦਿੱਖ ਦਿੱਤੀ ਗਈ ਹੈ।

Comments


Logo-LudhianaPlusColorChange_edited.png
bottom of page