23/01/2024
ਪੰਜਾਬ 'ਚ ਅਗਲੇ ਪੰਜ ਦਿਨਾਂ ਤਕ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਸੋਮਵਾਰ ਨੂੰ ਵੀ ਸਵੇਰੇ ਕਈ ਜ਼ਿਲ੍ਹਿਆਂ 'ਚ ਧੁੰਦ ਛਾਈ ਰਹੀ ਤੇ ਬਰਫੀਲੀਆਂ ਹਵਾਵਾਂ ਵੀ ਚੱਲੀਆਂ। ਚਾਰ ਜ਼ਿਲ੍ਹਿਆਂ 'ਚ ਦਿਨ ਦਾ ਤਾਪਮਾਨ ਨੌਂ ਡਿਗਰੀ ਤਕ ਰਿਹਾ। ਸੂਬੇ 'ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਨੌ ਡਿਗਰੀ ਸੈਲਸੀਅਸ ਘੱਟ ਰਿਹਾ।
ਸੋਮਵਾਰ ਨੂੰ ਗੁਰਦਾਸਪੁਰ ਸੂਬੇ 'ਚ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 4.5 ਅਤੇ ਵੱਧ ਤੋਂ ਵੱਧ ਤਾਪਮਾਨ 8.0 ਡਿਗਰੀ ਸੈਲਸੀਅਸ ਰਿਹਾ। ਦਿਨ ਅਤੇ ਰਾਤ ਦੇ ਤਾਪਮਾਨ 'ਚ ਅੰਤਰ ਸਿਰਫ਼ 2.5 ਡਿਗਰੀ ਸੈਲਸੀਅਸ ਸੀ। ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ 27 ਜਨਵਰੀ ਤਕ ਧੁੰਦ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੌਰਾਨ ਸੀਤ ਲਹਿਰ ਵੀ ਆਪਣੇ ਸਿਖਰ 'ਤੇ ਰਹੇਗੀ।
ਫਲਾਈਟਸ ਤੇ ਟ੍ਰੇਨਾਂ ਵੀ ਹੋ ਰਹੀਆਂ ਪ੍ਰਭਾਵਿਤ
ਬੀਤੇ ਕੱਲ੍ਹ ਖਰਾਬ ਮੌਸਮ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਰਾਹਗੀਰਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਧੁੰਦ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 11 ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ। ਨਾਂਦੇੜ ਤੋਂ ਆ ਰਹੀ ਸੱਚਖੰਡ ਐਕਸਪ੍ਰੈਸ ਅਤੇ ਜੈਨਗਰ ਜਾਣ ਵਾਲੀ ਰੇਲਗੱਡੀ ਨੰਬਰ 04652 ਨੂੰ ਐਤਵਾਰ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਕਈ ਟਰੇਨਾਂ ਦੇਰੀ ਨਾਲ ਚੱਲੀਆਂ।
Comments