30/12/2023
ਬਰਨਾਲਾ ਦੇ ਸੰਘੇੜਾ ਖੇਤਰ ਦੀ ਨੌਂਵੀ ਜਮਾਤ ’ਚ ਪੜ੍ਹਦੀ ਬੱਚੀ ਨਾਲ ਉਨ੍ਹਾਂ ਦੀ ਪਛਾਣ ਵਾਲੇ ਮਿਸਤਰੀ ਦਾ ਕੰਮ ਕਰਨ ਵਾਲੇ ਦੋ ਬੱਚਿਆਂ ਦੇ ਪਿਓ ਨੇ ਜਬਰ ਜਨਾਹ ਕੀਤਾ ਤੇ ਫਰਾਰ ਹੋ ਗਿਆ।
ਬੱਚੀ ਦਾ ਭਰਾ ਬਿਮਾਰ ਸੀ ਤੇ ਮੁਲਜ਼ਮ ਬੀਤੇ ਕੱਲ੍ਹ ਬਾਅਦ ਦੁਪਹਿਰ ਬੱਚੀ ਦੇ ਬਿਮਾਰ ਭਰਾ ਤੇ ਮਾਂ ਨੂੰ ਦਵਾਈ ਦਵਾਉਣ ਲਈ ਸਿਵਲ ਹਸਪਤਾਲ ਬਰਨਾਲਾ ਛੱਡ ਗਿਆ। ਪੀੜਤ ਬੱਚੀ ਦੀ ਮਾਂ ਮੁਤਾਬਕ ਉਨ੍ਹਾਂ ਨੂੰ ਹਸਪਤਾਲ ਛੱਡਣ ਮਗਰੋਂ ਮੁਲਜ਼ਮ ਉਨ੍ਹਾਂ ਦੇ ਘਰ ਇਕੱਲੀ ਬੱਚੀ ਕੋਲ ਚਲਾ ਗਿਆ। ਉਹ ਆਪਣਾ ਪਰਸ ਘਰ ਭੁੱਲ ਆਈ ਸੀ ਜਿਸ ਨੂੰ ਲੈਣ ਲਈ ਉਹ ਕੁੱਝ ਸਮੇਂ ’ਚ ਹੀ ਘਰ ਪਰਤ ਆਈ। ਜਦੋਂ ਉਹ ਘਰ ਪੁੱਜੀ ਤਾਂ ਦੇਖਿਆ ਕਿ ਬੱਚੀ ਦਰਦ ਨਾਲ ਕਰਾਹ ਰਹੀ ਸੀ ਤੇ ਉਸ ਨੇ ਦੱਸਿਆ ਕਿ ਮਿਸਤਰੀ ਨੇ ਉਸ ਨਾਲ ਜਬਰ ਜਨਾਹ ਕੀਤਾ ਤੇ ਫ਼ਰਾਰ ਹੋ ਗਿਆ। ਬੱਚੀ ਦੀ ਮਾਂ ਉਸ ਨੂੰ ਸਿਵਲ ਹਸਪਤਾਲ ਲੈ ਆਈ ਤੇ ਪੁਲਿਸ ਨੂੰ ਸੂਚਨਾ ਦਿੱਤੀ।
ਮਾਮਲੇ ਸਬੰਧੀ ਦਲਿਤ ਆਗੂ ਕ੍ਰਿਸ਼ਨ ਸਿੰਘ ਭੰਗੂ ਨੇ ਕਿਹਾ ਕਿ ਮੁਲਜ਼ਮ ਨੂੰ ਬਚਾਉਣ ਲਈ ਕੁਝ ਲੋਕ ਪਰਿਵਾਰ ’ਤੇ ਦਬਾਅ ਬਣਾ ਰਹੇ ਹਨ। ਜਦੋਂਕਿ ਸੂਚਨਾ ਮਿਲਣ ਤੋਂ ਬਾਅਦ ਵੀ ਪੁਲਿਸ ਪੀੜਤ ਬੱਚੀ ਦੇ ਬਿਆਨ ਲੈਣ ਲਈ ਨਹੀਂ ਪੁੱਜੀ। ਉਨ੍ਹਾਂ ਕਿਹਾ ਕਿ ਅਜਿਹੇ ਘਿਨਾਉਣੇ ਜੁਰਮਾਂ ਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਹੋਣਾ ਅੱਤਿਆਚਾਰ ਕਰਨ ਵਾਲਿਆਂ ਦੇ ਹੌਸਲੇ ਹੋਰ ਬੁਲੰਦ ਕਰਦਾ ਹੈ। ਜੇਕਰ ਪੀੜਤ ਬੱਚੀ ਨੂੰ ਜਲਦ ਇਨਸਾਫ਼ ਨਾ ਮਿਲਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਮਾਮਲੇ ਸਬੰਧੀ ਥਾਣਾ ਸਿਟੀ ਇਕ ਦੇ ਮੁਖੀ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
Comments