22/01/2024
ਰਾਜਸਥਾਨ ਦੇ ਬਿਜਲੀ ਬੋਰਡ ਵਿੱਚ ਨੌਕਰੀ ਕਰਨ ਵਾਲੀ ਔਰਤ ਅਫੀਮ ਦੀ ਤਸਕਰੀ ਦੇ ਮਾਮਲੇ ਵਿੱਚ ਆਪਣੇ ਪਤੀ ਸਮੇਤ ਗ੍ਰਿਫਤਾਰ ਕੀਤੀ ਗਈ l ਲੁਧਿਆਣਾ ਦੀ ਥਾਣਾ ਸਦਰ ਦੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਕਬਜ਼ੇ ਚੋਂ ਇਕ ਕਿਲੋ ਅਫੀਮ ਬਰਾਮਦ ਕੀਤੀ ਹੈ l ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਸਬ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਸੋਮਵਾਰ ਦੁਪਹਿਰ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਦੇ ਮੁਤਾਬਿਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਘਾਸਾ ਜ਼ਿਲ੍ਹਾ ਉਦੇਪੁਰ ਰਾਜਸਥਾਨ ਦੇ ਵਾਸੀ ਬਾਬੂ ਲਾਲ ਡਾਗੀ ਅਤੇ ਉਸ ਦੀ ਪਤਨੀ ਨਿਰਮਲਾ ਡਾਗੀ ਵਜੋਂ ਹੋਈ ਹੈ l ਜਾਂਚ ਅਧਿਕਾਰੀ ਦੇ ਮੁਤਾਬਕ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿੱਚ ਪੱਖੋਵਾਲ ਰੋਡ ਤੇ ਮੌਜੂਦ ਸੀ l ਇਸੇ ਦੌਰਾਨ ਪੁਲਿਸ ਨੇ ਦੇਖਿਆ ਕਿ ਸੂਏ ਦੇ ਕੋਲ ਇੱਕ ਜੋੜਾ ਬੈਠਾ ਸੀl ਦੋਵੇਂ ਪੁਲਿਸ ਨੂੰ ਦੇਖ ਕੇ ਘਬਰਾ ਗਏ ਅਤੇ ਉਥੋਂ ਭੱਜਣ ਲੱਗੇ l
ਸ਼ੱਕ ਪੈਣ 'ਤੇ ਪੁਲਿਸ ਪਾਰਟੀ ਨੇ ਮੁਲਜ਼ਮਾਂ ਨੂੰ ਰੋਕ ਕੇ ਜਦ ਕਾਨੂੰਨਾਂ ਅਨੁਸਾਰ ਤਲਾਸ਼ੀ ਲਈ ਤਾਂ ਦੋਵਾਂ ਦੇ ਕਬਜ਼ੇ 'ਚੋਂ ਇਕ ਕਿਲੋ ਅਫੀਮ ਮਿਲੀ l ਪੁਲਿਸ ਨੇ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਜਦ ਉਨ੍ਹਾਂ ਕੋਲੋਂ ਮੁੱਢਲੀ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਕੁਝ ਸਮਾਂ ਪਹਿਲੋਂ ਨਿਰਮਲਾ ਦੇ ਪਿਤਾ ਦੀ ਮੌਤ ਹੋ ਗਈ ਸੀl ਰਾਜਸਥਾਨ ਦੇ ਬਿਜਲੀ ਬੋਰਡ 'ਚ ਤਾਇਨਾਤ ਨਿਰਮਲਾ ਦੇ ਪਿਤਾ ਦੀ ਨੌਕਰੀ ਉਸ ਨੂੰ ਮਿਲ ਗਈl ਚੰਗੀ ਤਨਖਾਹ ਅਤੇ ਸਰਕਾਰੀ ਘਰ ਮਿਲਣ ਦੇ ਬਾਵਜੂਦ ਨਿਰਮਲਾ ਦਾ ਵੱਧ ਪੈਸੇ ਕਮਾਉਣ ਦਾ ਲਾਲਚ ਘੱਟ ਨਾ ਹੋਇਆ l ਕੁਝ ਸਮਾਂ ਪਹਿਲੋਂ ਉਹ ਆਪਣੇ ਪਤੀ ਨੂੰ ਤਲਾਕ ਦੇ ਕੇ ਬਾਬੂ ਲਾਲ ਡਾਗੀ ਨਾਲ ਰਹਿਣ ਲੱਗ ਪਈl ਦੋਵਾਂ ਨੇ ਕੋਰਟ ਮੈਰਿਜ ਕਰਾ ਕੇ ਅਫੀਮ ਦੀ ਤਸਕਰੀ ਦਾ ਕਾਲਾ ਕਾਰੋਬਾਰ ਸ਼ੁਰੂ ਕਰ ਲਿਆl ਗੁਰਮੀਤ ਸਿੰਘ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਪਹਿਲੀ ਵਾਰ ਲੁਧਿਆਣਾ ਵਿੱਚ ਅਫੀਮ ਦੇਣ ਆਏ ਸਨ l ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੇ ਦੌਰਾਨ ਮੁਲਜ਼ਮਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ l
Comments