ਲੁਧਿਆਣਾ 23 ਮਾਰਚ 2022
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ , ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਜੀ ਦੀ ਕੁਰਬਾਨੀ ਦੇਸ਼ਵਾਸੀ ਕਦੇ ਵੀ ਭੁਲਾ ਨਹੀਂ ਸਕਦੇ ਅਤੇ ਇਹਨਾਂ ਸੂਰਬੀਰਾਂ ਦੀ ਕੁਰਬਾਨੀ ਤੇ ਦੇਸ਼ ਸੇਵਾ ਵਾਲੇ ਜ਼ਜ਼ਬੇ ਤੋਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਸੇਧ ਲੈਣੀ ਚਾਹੀਦੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਚਲੂ ਨਗਰ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ । ਇਸ ਮੌਕੇ। ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹਨ ਅਤੇ ਸ਼ਹੀਦਾਂ ਦੇ ਨਾਂ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸਗੋਂ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਤੇ ਸਮਾਜ ਸਿਰਜਣ ਲਈ ਸਰਕਾਰਾਂ ਵਲੋਂ ਯਤਨ ਹੋਣੇ ਚਾਹੀਦੇ ਹਨ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਕੇਵਲ ਫੁੱਲ ਮਾਲਾਵਾਂ ਤੇ ਪੱਗਾਂ ਦੇ ਰੰਗਾਂ ਨਾਲ ਹੀ ਸ਼ਹੀਦਾਂ ਦੇ ਸੁਪਨੇ ਸਾਕਾਰ ਨਹੀਂ ਹੋ ਸਕਦੇ ਸਗੋਂ ਆਪਣੀ ਧਰਤੀ ਤੇ ਆਪਣੇ ਸੂਬੇ ਲਈ ਯੋਗ ਤੇ ਠੋਸ ਨਿਰਣੇ ਲੈ ਕੇ ਦੱਬੇ ਕੁਚਲੇ ਤੇ ਮਜ਼ਲੂਮ ਲੋਕਾਂ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ । ਉਹਨਾਂ ਕਿਹਾ ਕਿ ਅੱਜ ਲੋੜ ਹੈ ਪੰਜਾਬ ਨੂੰ ਸ਼ੁੱਧ ਵਾਤਾਵਰਣ ਦੀ , ਪਾਣੀਆਂ ਦੀ , ਡਰੱਗ ਫਰੀ ਸਟੇਟ ਤੇ ਅਮਨ ਕਾਨੂੰਨ ਬਹਾਲ ਕਰਨ ਦੀ ਅਤੇ ਖਾਸ ਕਰ ਨੌਜਵਾਨੀ ਨੂੰ ਰੁਜ਼ਗਾਰ ਦੇਣ ਦੀ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਆਮ ਆਦਮੀ ਪਾਰਟੀ ਰਿਮੋਟ ਕੰਟਰੋਲ ਪਾਰਟੀ ਹੈ ਜਿਸ ਕਰਕੇ ਰਾਜਸਭਾ ਮੈਂਬਰਾਂ ਦੀ ਚੋਣ ਵਿੱਚ ਪੰਜਾਬ ਤੇ ਪੰਜਾਬੀਆਂ ਨਾਲ ਛੱਲ ਹੋਇਆ ਹੈ । ਐਡਵੋਕੇਟ ਸਿੱਧੂ ਨੇ ਕਿਹਾ ਕਿ ਉਹਨਾਂ ਪਹਿਲਾਂ ਹੀ ਕਿਹਾ ਸੀ ਕਿ ਆਪ ਪਾਰਟੀ ਤੇ ਕਾਂਗਰਸ ਪਾਰਟੀ ਵਿੱਚ ਆਪਸੀ ਗੰਢਤੁੱਪ ਹੈ ਜਿਸ ਦੀ ਉਦਾਹਰਣ ਲੁਧਿਆਣਾ ਤੋਂ ਰਾਜਸਭਾ ਮੈਂਬਰ ਲਈ ਸੰਜੀਵ ਅਰੋੜਾ ਵਿਅਕਤੀ ਹਨ । ਐਡਵੋਕੇਟ ਸਿੱਧੂ ਨੇ ਕਿਹਾ ਕਿ ਸੰਜੀਵ ਅਰੋੜਾ ਲੁਧਿਆਣਾ ਦੇ ਵਪਾਰੀ ਤੇ ਕਾਰੋਬਾਰੀ ਹਨ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਦੇ ਸਾਂਝੀਦਾਰ ਹਨ ਅਤੇ ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਬਹੁ-ਕਰੋੜੀ ਘੁਟਾਲੇ ਨਾਲ ਜੁੜੇ ਰਹੇ ਹਨ । ਐਡਵੋਕੇਟ ਸਿੱਧੂ ਨੇ ਕਿਹਾ ਕਿ ਆਮ ਆਦਮੀ ਨੇ ਪੰਜਾਬ ਦੇ ਖਾਸ ਵਿਅਤੀਆਂ ਤੇ ਭ੍ਰਿਸ਼ਟਾਚਾਰ ਵਿੱਚ ਲਿਪਤ ਵਿਅਕਤੀਆਂ ਨੂੰ ਰਾਜਸਭਾ ਵਿੱਚ ਭੇਜਣ ਦੀ ਮੰਸ਼ਾ ਨੇ ਪਾਰਟੀ ਦੀ ਅੰਦਰੂਨੀ ਪਾਲਿਸੀ ਲੋਕਾਂ ਸਾਹਮਣੇ ਲਿਆਂਦੀ ਹੈ ਜਿਸ ਤੋਂ ਪੰਜਾਬ ਦੇ ਭੋਲੇ ਭਾਲੇ ਲੋਕ ਅਣਜਾਨ ਸਨ । ਐਡਵੋਕੇਟ ਬਿਕਰਮ ਸਿੰਘ ਸਿੱਧੂ ਅਤੇ ਇਲਾਕੇ ਦੇ ਵੱਖ ਵੱਖ ਦਰਜਾ ਬਦਰਜਾ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਆਸ ਪ੍ਰਗਟ ਕੀਤੀ ਕਿ ਭਾਰਤ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਣੇ ਤੇ ਵਿਸ਼ਵ ਭਰ ਵਿੱਚ ਤਰੱਕੀ ਕਰੇ । ਇਸ ਸ਼ਰਧਾਂਜਲੀ ਸਮਾਗਮ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਆਫਿਸ ਸਕੱਤਰ ਮਨੀਸ਼ ਚੋਪੜਾ ਲੱਕੀ , ਭਾਰਤ ਨਗਰ ਮੰਡਲ ਪ੍ਰਧਾਨ ਰਾਕੇਸ਼ ਜੱਗੀ , ਡਾ. ਪਰਮਜੀਤ ਕੁਮਾਰ, ਵਿਕਾਸ ਸੂਦ , ਅਨਿਲੇਸ਼ ਮਿਸ਼ਰਾ , ਵਿਜੇ ਚੌਹਾਨ , ਹਰਜੋਤ ਸਿੰਘ ,ਦੀਪਕ , ਸਤਪਾਲ ,ਪ੍ਰਸ਼ੋਤਮ ਕੁਮਾਰ, ਜਤਿੰਦਰ , ਰਾਕੇਸ਼ ਤੇ ਕਰਨ ਵੀ ਮੌਜੂਦ ਸਨ ।
Comments