05/01/2024
ਕੇਂਦਰੀ ਗ੍ਰਹਿ ਵਿਭਾਗ ਵੱਲੋਂ ਹਾਲ ਹੀ ਵਿਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਯੋਜਨਾ ਬਣਾਉਣ ਵਾਲੇ ਗੋਲਡੀ ਬਰਾੜ ਨੂੰ ਅੱਤਵਾਦੀਆਂ ਦੀ ਸ਼ੇ੍ਰਣੀ ਵਿਚ ਸ਼ਾਮਲ ਕੀਤਾ ਸੀ। ਇਸ ਤੋਂ ਬਾਅਦ ਫੇਸਬੁੱਕ ਨੇ ਗੋਲਡੀ ਬਰਾੜ ਦੇ ਪੇਜ ਨੂੰ ਬਲਾਕ ਕਰ ਦਿੱਤਾ ਹੈ। ਇਹ ਕਦਮ ਗੋਲਡੀ ਬਰਾੜ ਦੇ ਅੱਤਵਾਦੀ ਐਲਾਨੇ ਜਾਣ ਤੋਂ ਬਾਅਦ ਚੁੱਕਿਆ ਗਿਆ ਹੈ।
ਕੇਂਦਰੀ ਏਜੰਸੀਆਂ ਤੋਂ ਬਾਅਦ ਇੰਟਰਨੈੱਟ ਮੀਡੀਆ ’ਤੇ ਪੋਸਟ ਤੇ ਪੇਜ ਹਟਾਏ ਜਾ ਰਹੇ ਹਨ। ਬਰਾੜ ਦਾ ਪੇਜ ਸਰਚ ਕੀਤਾ ਜਾਵੇਗਾ ਤਾਂ ਫੇਸਬੁੱਕ ਵੱਲੋਂ ਅਲਰਟ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਕਈ ਖਤਰਨਾਕ ਸੰਗਠਨਾਂ ਨਾਲ ਜੁੜਿਆ ਹੋਇਆ ਹੈ। ਇਸ ਲਈ ਫੇਸਬੁੱਕ ਇਸ ਨੂੰ ਸਰਚ ਕਰਨ ਦੀ ਮਨਜ਼ੂਰੀ ਨਹੀਂ ਦੇ ਸਕਦੀ। ਫੇਸਬੁੱਕ ਪੇਜ ’ਤੇ ਇਹ ਵੀ ਲਿਖਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੈ। ਜੇ ਕੋਈ ਵਿਅਕਤੀ ਹੇਟ ਸਪੀਚ ਵਰਗਾ ਕੰਟੈਂਟ ਪੋਸਟ ਕਰੇਗਾ ਤਾਂ ਉਸ ਦਾ ਫੇਸਬੁੱਕ ਅਕਾਊਂਟ ਫੌਰਨ ਬਲਾਕ ਕਰ ਦਿੱਤਾ ਜਾਵੇਗਾ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਫ਼ਰਾਰ ਹੋਣ ਦੌਰਾਨ ਵੀ ਫੇਸਬੁੱਕ ਨੇ ਇਸ ਤਰ੍ਹਾਂ ਕਾਰਵਾਈ ਕੀਤੀ ਸੀ। ਫੇਸਬੁੱਕ ਵੱਲੋਂ ਉਦੋਂ ਖਾਲਿਸਤਾਨੀ ਅਤੇ ਹੇਟ ਸਪੀਚ ਕਰਨ ਵਾਲੇ ਕਈ ਲੋਕਾਂ ਦੇ ਪੇਜਾਂ ਨੂੰ ਇੰਟਰਨੈੱਟ ਮੀਡੀਆ ਤੋਂ ਹਟਾ ਦਿੱਤਾ ਸੀ। ਪੰਜਾਬ ਪੁਲਿਸ ਵੱਲੋਂ ਕਈ ਲੋਕਾਂ ਦੇ ਖ਼ਿਲਾਫ਼ ਹੇਟ ਸਪੀਚ ਦੇ ਮਾਮਲੇ ਦਰਜ ਕੀਤੇ ਗਏ ਸਨ। ਲਗਪਗ ਪੰਜਾਹ ਤੋਂ ਵੱਧ ਅਕਾਊਂਟ ਬੰਦ ਕੀਤੇ ਗਏ ਸਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਯੂਏਪੀਏ ਤਹਿਤ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਿਆ ਗਿਆ ਸੀ। ਬਰਾੜ ਤੋਂ ਇਲਾਵਾ ਬੀਤੇ ਮਹੀਨੇ ਲਖਬੀਰ ਸਿੰਘ ਨੂੰ ਅੱਤਵਾਦੀ ਐਲਾਨਿਆ ਗਿਆ ਸੀ। ਗੋਲਡੀ ਬਰਾੜ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ। ਕੈਨੇਡਾ ਵਿਚ ਬੈਠ ਕੇ ਬਰਾੜ ਲਾਰੈਂਸ ਦੇ ਗੈਂਗ ਨੂੰ ਚਲਾ ਰਿਹਾ ਹੈ। ਬਰਾੜ ਦੀ ਭਾਲ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਸਮੇਤ ਕਈ ਹੋਰਨਾਂ ਰਾਜਾਂ ਦੀ ਪੁਲਿਸ ਨੂੰ ਹੈ। ਬਰਾੜ ਪੰਜਾਬੀ ਗਾਇਕ ਸਿੱਧੂ ਮੂੁਸੇਵਾਲਾ ਦੀ ਹੱਤਿਆ ਨੂੰ ਲੈ ਕੇ ਵੀ ਚਰਚਾ ਵਿਚ ਆਇਆ ਸੀ। ਉਸ ਨੇ ਇੰਟਰਨੈੱਟ ਮੀਡੀਆ ’ਤੇ ਪੋਸਟ ਕਰ ਕੇ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ।
Comentários