17/12/2023
ਪੈਦਲ ਜਾ ਰਹੇ ਬਜ਼ੁਰਗ ਵਿਅਕਤੀ ਨੂੰ ਜ਼ੋਰਦਾਰ ਟੱਕਰ ਮਾਰਨ ਤੋਂ ਬਾਅਦ ਇਕ ਤੇਜ਼ ਰਫ਼ਤਾਰ ਕਾਰ ਚਾਲਕ ਉਸ ਨੂੰ ਕਰੀਬ 15 ਫੁੱਟ ਤਕ ਘੜੀਸਦਾ ਲੈ ਗਿਆ। ਹਾਦਸੇ 'ਚ ਬਜ਼ੁਰਗ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸਾ ਸ਼ੁੱਕਰਵਾਰ ਦੁਪਹਿਰ ਅਬੋਹਰ ਰੋਡ, ਤਿਕੋਣੀ ਚੌਕ ਮੰਡੀ ਕਿੱਲਿਆਂਵਾਲੀ ਨੇੜੇ ਵਾਪਰਿਆ। ਦੂਜੇ ਪਾਸੇ ਥਾਣਾ ਲੰਬੀ ਦੀ ਪੁਲfਸ ਨੇ ਕਾਰ ਚਲਾ ਰਹੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣੋ ਕੀ ਹੈ ਮਾਮਲਾ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੁਲਵੰਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਘੁਮਿਆਰਾ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਕਰੀਬ 12 ਵਜੇ ਉਹ ਤੇ ਉਸ ਦਾ ਇਕ ਹੋਰ ਦੋਸਤ ਕਿਸੇ ਘਰੇਲੂ ਕੰਮ ਲਈ ਮੰਡੀ ਡੱਬਵਾਲੀ ਵੱਲ ਜਾ ਰਹੇ ਸਨ।
ਜਦੋਂ ਉਹ ਪਿੰਡ ਦੇ ਬੱਸ ਸਟੈਂਡ ਤੋਂ ਡੱਬਵਾਲੀ ਵੱਲ ਮੁੜਨ ਲੱਗਾ ਤਾਂ ਦੇਖਿਆ ਕਿ ਉਸ ਦਾ ਚਾਚਾ ਸੁਖਦੇਵ ਸਿੰਘ ਪੁੱਤਰ ਭਰਾਣਾ ਸਿੰਘ ਪੈਦਲ ਪਿੰਡ ਵੱਲ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਦੇਖਿਆ ਕਿ ਉਸ ਦੇ ਚਾਚੇ ਦੇ ਪਿੱਛੇ ਇਕ ਆਲਟੋ ਕਾਰ ਕਾਫੀ ਤੇਜ਼ ਰਫਤਾਰ ਨਾਲ ਕੰਟਰੋਲ ਤੋਂ ਬਾਹਰ ਹੁੰਦੀ ਦਿਖਾਈ ਦਿੱਤੀ, ਜਿਸ ਦਾ ਡਰਾਈਵਰ ਲਾਪਰਵਾਹੀ ਨਾਲ ਕਾਰ ਚਲਾ ਰਿਹਾ ਸੀ। ਕਾਰ ਜਦੋਂ ਚਾਚੇ ਕੋਲ ਪਹੁੰਚੀ ਤਾਂ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
15 ਫੁੱਟ ਤਕ ਘੜੀਸਦਾ ਲੈ ਗਈ ਕਾਰ
ਟੱਕਰ ਤੋਂ ਬਾਅਦ ਕਾਰ ਚਾਚੇ ਨੂੰ ਕਰੀਬ 15 ਫੁੱਟ ਤਕ ਘੜੀਸਦਾ ਲੈ ਗਈ। ਕਾਰ ਚਾਲਕ ਕਾਰ ਤੋਂ ਉਤਰ ਕੇ ਚਾਚੇ ਵੱਲ ਦੇਖਣ ਲੱਗਾ। ਇਸ ਦੌਰਾਨ ਜਦੋਂ ਸਾਨੂੰ ਆਉਂਦੇ ਦੇਖਿਆ ਤਾਂ ਉਹ ਤੁਰੰਤ ਕਾਰ 'ਚ ਬੈਠ ਕੇ ਭੱਜ ਗਿਆ। ਜਦੋਂ ਉਹ ਆਪਣੇ ਚਾਚੇ ਨੂੰ ਚੁੱਕ ਕੇ ਹਸਪਤਾਲ ਲੈ ਕੇ ਜਾਣ ਲੱਗਾ ਤਾਂ ਉਸ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਕਾਰ ਚਾਲਕ ਦੀ ਲਾਪਰਵਾਹੀ ਕਾਰਨ ਉਸ ਦੇ ਚਾਚੇ ਦੀ ਜਾਨ ਚਲੀ ਗਈ।
ਕਾਰ ਦਾ ਨੰਬਰ ਉਸ ਨੇ ਪੜ੍ਹ ਲਿਆ ਸੀ ਪਰ ਹੁਣ ਉਸ ਨੂੰ ਯਾਦ ਨਹੀਂ ਸੀ ਕਿਉਂਕਿ ਆਪਣੇ ਚਾਚੇ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦਾ ਦੇਖ ਕੇ ਉਸ ਦੇ ਹੋਸ਼ ਉੱਡ ਗਏ ਸਨ ਤੇ ਉਹ ਘਬਰਾ ਗਿਆ ਸੀ। ਹੌਲਦਾਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਕਾਰ ਚਾਲਕ ਦੀ ਪਛਾਣ ਕਰਕੇ ਕਾਬੂ ਕਰ ਲਿਆ ਜਾਵੇਗਾ।
ਸੜਕ ਹਾਦਸਿਆਂ 'ਚ ਲਗਾਤਾਰ ਜਾ ਰਹੀਆਂ ਜਾਨਾਂ
ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਕਾਰਨ ਸੜਕ ਹਾਦਸੇ ਲਗਾਤਾਰ ਵਾਪਰ ਰਹੇ ਹਨ। ਇਸ ਵਿਚ ਲੋਕ ਆਪਣੀ ਜਾਨ ਵੀ ਗੁਆ ਰਹੇ ਹਨ। ਪਿਛਲੇ ਇਕ ਹਫ਼ਤੇ ਦੀ ਗੱਲ ਕਰੀਏ ਤਾਂ ਵੱਖ-ਵੱਖ ਥਾਵਾਂ 'ਤੇ ਸੜਕ ਹਾਦਸਿਆਂ 'ਚ ਚਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਲੋਕ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਤੋਂ ਗੁਰੇਜ਼ ਨਹੀਂ ਕਰ ਰਹੇ।
Comments