google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪਿਸਤੌਲ ਦਿਖਾ ਕੇ ਮਨੀ ਟਰਾਂਸਫਰ ਤੋਂ ਮੋਬਾਈਲ ਤੇ ਨਕਦੀ ਲੁੱਟੀ, ਸੀਸੀਟੀਵੀ ਕੈਮਰੇ ’ਚ ਕੈਦ ਹੋਈ ਵਾਰਦਾਤ

12/12/2023

ਕੁਹਾੜਾ ਰੋਡ ’ਤੇ ਸਥਿਤ ਪਿੰਡ ਹਾਡ਼ੀਆਂ ਦੇ ਅੱਡੇ ’ਤੇ ਇੱਕ ਮਨੀ ਟਰਾਂਸਫਰ ਦਾ ਕੰਮ ਕਰਨ ਵਾਲੇ ਦੁਕਾਨਦਾਰ ਬਸੰਤ ਕੁਮਾਰ ਤੋਂ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਜਿੱਥੇ ਨਕਦੀ, ਮੋਬਾਈਲ ਅਤੇ ਕੁਝ ਹੋਰ ਸਾਮਾਨ ਲੁੱਟ ਲਿਆ, ਉੱਥੇ ਉਹ ਨੇੜੇ ਖੜ੍ਹੇ ਇੱਕ ਗ੍ਰਾਹਕ ਤੋਂ ਵੀ ਨਕਦੀ ਖੋਹ ਕੇ ਫ਼ਰਾਰ ਹੋ ਗਏ।

ਜਾਣਕਾਰੀ ਮੁਤਾਬਿਕ, ਹਾੜੀਆ ਅੱਡੇ ਵਿਚ ਮਾਂ ਟੈਲੀਕਾਮ ਨਾਮ ਦੀ ਦੁਕਾਨ ਕਰਦੇ ਦੁਕਾਨਦਾਰ ਬਸੰਤ ਕੁਮਾਰ ਜੋ ਨਾਲ ਮਨੀ ਟਰਾਂਸਫਰ ਦਾ ਕੰਮ ਵੀ ਕਰਦਾ ਹੈ, ਉਹ ਕਰੀਬ 8 ਵਜੇ ਆਪਣੀ ਦੁਕਾਨ ’ਤੇ ਗ੍ਰਾਹਕਾਂ ਨਾਲ ਲੈਣ-ਦੇਣ ਕਰ ਰਿਹਾ ਸੀ ਤਾਂ ਉੱਥੇ 4 ਲੁਟੇਰੇ ਆਏ ਜਿਨ੍ਹਾਂ ’ਚੋਂ 2 ਦੇ ਹੱਥ ਵਿਚ ਪਿਸਤੌਲ ਫੜੇ ਹੋਏ ਅਤੇ ਮੂੰਹ ਬੰਨ੍ਹੇ ਹੋਏ ਸਨ। ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਦੇ ਗੱਲੇ ’ਚੋਂ ਜਬਰੀ ਕਰੀਬ 45 ਹਜ਼ਾਰ ਰੁਪਏ ਲੁੱਟ ਲਏ ਅਤੇ ਉਸ ਕੋਲ ਜੋ 4 ਮੋਬਾਈਲ ਪਏ ਸਨ ਉਹ ਵੀ ਖੋਹ ਲਏ।

ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਦੁਕਾਨ ’ਚ ਖੜ੍ਹੇ ਗ੍ਰਾਹਕ ਤੋਂ ਵੀ 10 ਹਜ਼ਾਰ ਨਕਦੀ ਖੋਹ ਲਈ। ਇਹ ਲੁਟੇਰੇ ਬੇਖੌਫ਼ ਹੋ ਆਏ ਜਿਨ੍ਹਾਂ ਨੇ ਲੁੱਟ ਖੋਹ ਦੌਰਾਨ ਦੁਕਾਨਦਾਰ ਦੀ ਕੁੱਟਮਾਰ ਵੀ ਕੀਤੀ ਅਤੇ ਫਿਰ ਮੋਟਰਸਾਈਕਲਾਂ ’ਤੇ ਫ਼ਰਾਰ ਹੋ ਗਏ। ਵਾਰਦਾਤ ਦੌਰਾਨ 3 ਲੁਟੇਰੇ ਦੁਕਾਨ ’ਚ ਆਏ ਜਦਕਿ ਇੱਕ ਲੁਟੇਰਾ ਦੁਕਾਨ ਦੇ ਬਾਹਰ ਖੜ੍ਹ ਕੇ ਆਸ-ਪਾਸ ਨਿਗਰਾਨੀ ਕਰਦਾ ਰਿਹਾ। ਲੁੱਟ ਖੋਹ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ।

ਦੁਕਾਨਦਾਰ ਨੇ ਦੱਸਿਆ ਕਿ ਲੁੱਟ-ਖੋਹ ਦੀ ਘਟਨਾ ਤੋਂ ਪਹਿਲਾਂ ਇੱਕ ਵਿਅਕਤੀ ਉਸ ਕੋਲ ਆਇਆ ਸੀ ਜਿਸ ਨੇ ਕਿਹਾ ਕਿ ਉਸਨੇ ਕੁਝ ਨਕਦੀ ਟਰਾਂਸਫਰ ਕਰਵਾ ਕੇ ਕੈਸ਼ ਕਰਵਾਉਣੀ ਹੈ ਅਤੇ ਉਹ ਮੌਕੇ ’ਤੇ ਕਿੰਨੇ ਪੈਸੇ ਦੇ ਸਕਦਾ ਹੈ। ਉਸ ਤੋਂ ਬਾਅਦ ਉਹ ਵਿਅਕਤੀ ਵਾਪਸ ਚਲਾ ਗਿਆ ਅਤੇ ਕੁਝ ਹੀ ਮਿੰਟਾਂ ਬਾਅਦ ਇਹ ਲੁੱਟ-ਖੋਹ ਦੀ ਘਟਨਾ ਵਾਪਰ ਗਈ। ਕੂੰਮਕਲਾਂ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਦੀ ਕਲਿੱਪ ਆਪਣੇ ਕਬਜ਼ੇ ’ਚ ਲੈ ਲਏ ਅਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਭਾਲ ਕੀਤੀ ਜਾ ਰਹੀ ਹੈ।


ਲੁੱਟ ਤੋਂ ਪਹਿਲਾਂ ਲੁਟੇਰਿਆ ਨੇ ਮੋਟਰਸਾਈਕਲ ਵੀ ਖੋਹਿਆ

ਇਨ੍ਹਾਂ ਲੁਟੇਰਿਆਂ ਵਲੋਂ ਆਪਣੀ ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇਣ ਲਈ ਪਹਿਲਾਂ ਮਾਛੀਵਾੜਾ ਨੇੜੇ ਸਰਹਿੰਦ ਨਹਿਰ ਕਿਨਾਰੇ ਇੱਕ ਵਿਅਕਤੀ ਤੋਂ ਮੋਟਰਸਾਈਕਲ ਵੀ ਖੋਹ ਲਿਆ। ਅੰਕੁਸ਼ ਕੁਮਾਰ ਵਾਸੀ ਲੁਧਿਆਣਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਮੋਟਰਸਾਈਕਲ ਪੀ.ਬੀ. 10 ਐੱਮਐੱਮ 2692 ’ਤੇ ਸਵਾਰ ਹੋ ਕੇ ਗੁਰਦੁਆਰਾ ਸ੍ਰੀ ਕੰਧੋਲਾ ਸਾਹਿਬ ਨੂੰ ਜਾ ਰਿਹਾ ਸੀ ਕਿ ਉਹ ਪਵਾਤ ਪੁਲ ਨੇੜੇ ਪਿਸ਼ਾਬ ਕਰਨ ਲਈ ਰੁਕਿਆ। ਉਸਨੇ ਪੁਲਿਸ ਨੂੰ ਦੱਸਿਆ ਕਿ ਇੱਕ ਮੋਟਰਸਾਈਕਲ ਬਿਨਾਂ ਨੰਬਰ ਜਿਸ ਉੱਪਰ 3 ਨੌਜਵਾਨ ਸਵਾਰ ਸਨ, ਪਿੱਛੇ ਆਏ ਜੋ ਪਿਸਤੌਲ ਦਿਖਾ ਮੇਰੇ ਤੋਂ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਜ਼ਿਕਰਯੋਗ ਹੈ ਕਿ ਇਨ੍ਹਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹੀ ਇਸ ਖੋਹੇ ਵਾਹਨ ਨਾਲ ਫਿਰ ਹਾੜੀਆਂ ਪਿੰਡ ਜਾ ਕੇ ਦੇਰ ਸ਼ਾਮ ਮਨੀ ਟਰਾਂਸਫਰ ਦੀ ਦੁਕਾਨ ਤੋਂ ਨਕਦੀ ਤੇ ਮੋਬਾਈਲ ਫੋਨ ਖੋਹੇ। ਮਾਛੀਵਾੜਾ ਤੇ ਕੂੰਮਕਲਾਂ ਥਾਣਿਆਂ ਦੀ ਪੁਲਿਸ ਇਨ੍ਹਾਂ ਲੁਟੇਰਿਆਂ ਦੀ ਭਾਲ ਵਿਚ ਦੌੜ-ਭੱਜ ਕਰ ਰਹੀ ਹੈ।

Comments


Logo-LudhianaPlusColorChange_edited.png
bottom of page