google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੁਲਿਸ ਨੇ ਕੱਸਿਆ ਸ਼ਿਕੰਜਾ, ਪਾਕਿ ਤੋਂ ਡ੍ਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ ਤਿੰਨ ਕਾਬੂ, ਪਹਿਲਾਂ ਭੇਜਦੇ ਸੀ ਲੋਕੇਸ਼ਨ

04/02/2024

ਜਲੰਧਰ ਦੇਹਾਤ ਦੇ ਸੀਆਈਏ ਸਟਾਫ ਦੀ ਪੁਲਿਸ ਨੇ ਮੁਖ਼ਬਰ ਖ਼ਾਸ ਦੀ ਇਤਲਾਹ ’ਤੇ ਉਸ ਵੇਲੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਦ ਉਹ ਸਰਹੱਦੀ ਇਲਾਕੇ ਤੋਂ ਹੈਰੋਇਨ ਲੈ ਕੇ ਸ਼ਹਿਰ ਵੱਲ ਸਪਲਾਈ ਕਰਨ ਲਈ ਆ ਰਹੇ ਸਨ।

ਐੱਸਐੱਸਪੀ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਐੱਸਪੀ ਜਸਰੂਪ ਕੌਰ, ਏਸੀਪੀ ਲਖਵੀਰ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪੁਸ਼ਪਬਾਲੀ ਨੂੰ 31 ਜਨਵਰੀ ਨੂੰ ਮੁਖ਼ਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਸਰਹੱਦੀ ਇਲਾਕੇ ’ਚੋਂ ਤਸਕਰ ਹੈਰੋਇਨ ਦੀ ਸਪਲਾਈ ਕਰਨ ਲਈ ਜਲੰਧਰ ਆ ਰਹੇ ਹਨ। ਇੰਸਪੈਕਟਰ ਪੁਸ਼ਪਬਾਲੀ ਦੀ ਅਗਵਾਈ ਹੇਠ ਏਐੱਸਆਈ ਪਿੱਪਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਬਿਧੀਪੁਰ ਚੌਕ ਇਲਾਕੇ ’ਚ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਕਰਤਾਰਪੁਰ ਵਾਲੀ ਸਾਈਡ ਵੱਲੋਂ ਆ ਰਹੇ ਇਕ ਵਿਅਕਤੀ ਨੂੰ ਰੋਕ ਕੇ ਜਦ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਗੁਰਪ੍ਰੀਤ ਸਿੰਘ ਵਾਸੀ ਮਹੱਲਾ ਗੋਪਾਲ ਨਗਰ ਜੰਡਿਆਲਾ ਗੁਰੂ ਅੰਮ੍ਰਿਤਸਰ ਦੱਸਿਆ।

ਜਦ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਦ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਕਿੱਲੋ ਹੈਰੋਇਨ ਦੀ ਖੇਪ ਪਾਕਿਸਤਾਨੋਂ ਡ੍ਰੋਨ ਰਾਹੀਂ ਰਸ਼ਪਾਲ ਸਿੰਘ ਵਾਸੀ ਪਿੰਡ ਮੁਹਾਵਾ ਥਾਣਾ ਘਰਿੰਡਾ, ਜ਼ਿਲ੍ਹਾ ਅੰਮ੍ਰਿਤਸਰ ਦੇ ਖੇਤਾਂ ’ਚ ਜੋ ਕਿ ਪਾਕਿਸਤਾਨ ਬਾਰਡਰ ਦੇ ਨਾਲ ਤਾਰਾਂ ਨੇੜੇ ਹੈ, ’ਚ ਮੰਗਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ’ਚ ਬੈਠੇ ਤਸਕਰ ਸ਼ਾਹ ਨੂੰ ਇਸ ਦੀ ਲੋਕੇਸ਼ਨ ਭੇਜੀ ਜਾਂਦੀ ਸੀ ਤੇ ਉਸ ਵੱਲੋਂ ਡ੍ਰੋਨ ਰਾਹੀਂ ਹੈਰੋਇਨ ਭੇਜੀ ਜਾਂਦੀ ਸੀ। ਰਸ਼ਪਾਲ ਸਿੰਘ ਦੀ ਪਤਨੀ ਪਿੰਡ ਦੀ ਸਾਬਕਾ ਸਰਪੰਚ ਸੀ ਜਿਸ ਕਰ ਕੇ ਆਸਾਨੀ ਨਾਲ ਉਹ ਸਰਹੱਦੀ ਇਲਾਕੇ ’ਚ ਚਲਾ ਜਾਂਦਾ ਸੀ ਤੇ ਬੀਐੱਸਐੱਫ ਨੂੰ ਮੋਹਤਬਰ ਵਿਅਕਤੀ ਹੋਣ ਕਰ ਕੇ ਸ਼ੱਕ ਵੀ ਨਹੀਂ ਹੁੰਦਾ ਸੀ ਜਿਸ ਦਾ ਇਹ ਤਸਕਰ ਫ਼ਾਇਦਾ ਉਠਾਉਂਦੇ ਸੀ।

ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਰਾਜਦੀਪ ਸਿੰਘ ਵਾਸੀ ਪਿੰਡ ਕਨੀਆ ਥਾਣਾ ਘਰਿੰਡਾ ਜੋ ਅਟਾਰੀ ਬਾਰਡਰ ’ਤੇ ਕੁਲੀ ਦਾ ਕੰਮ ਕਰਦਾ ਹੈ, ਸਮਗਲਰਾਂ ’ਚ ਦੀ ਕੜੀ ਹੁੰਦਾ ਸੀ। ਇਸ ਤੋਂ ਬਾਅਦ ਪੁਲਿਸ ਨੇ ਦੋਨਾਂ ਨੂੰ ਦੋ ਫਰਵਰੀ ਨੂੰ ਉਨ੍ਹਾਂ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ।

ਐੱਸਐੱਸਪੀ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਰਸ਼ਪਾਲ ਸਿੰਘ ਭਾਪਾ ਦੀ ਨਿਸ਼ਾਨਦੇਹੀ ’ਤੇ 550 ਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ। ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਦਾ ਇਕ ਹੋਰ ਸਾਥੀ ਸੰਦੀਪ ਸਿੰਘ ਵਾਸੀ ਜੰਡਿਆਲਾ ਗੁਰੂ ਵੀ ਹੈ ਜੋ ਹੈਰੋਇਨ ਦੀ ਖੇਪ ਦੇ ਪੈਸੇ ਨੂੰ ਪਾਕਿਸਤਾਨ ਭੇਜਣ ਦਾ ਪ੍ਰਬੰਧ ਕਰਦਾ ਹੈ ਤੇ ਉਹ ਡੇਢ ਮਹੀਨਾ ਪਹਿਲਾਂ ਦੋ ਕਿੱਲੋ ਗ੍ਰਾਮ ਹੈਰੋਇਨ ਦੇ ਮੁਕੱਦਮੇ ’ਚ ਵੀ ਪੁਲਿਸ ਨੂੰ ਲੋੜੀਂਦਾ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ ਤੇ ਜਲਦ ਹੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


  • ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਦਾ ਤਰੀਕਾ

ਗੁਰਪ੍ਰੀਤ ਸਿੰਘ, ਸੰਦੀਪ ਸਿੰਘ ਤੇ ਸੁਖਪਾਲ ਸਿੰਘ ਤਿੰਨੇ ਜਣੇ ਸੁਖਪਾਲ ਵੱਲੋਂ ਠੇਕੇ ’ਤੇ ਲਏ ਗਏ ਖੇਤਾਂ ਦੀ ਲੋਕੇਸ਼ਨ ਪਾਕਿਸਤਾਨ ਲਾਹੌਰ ਦੇ ਰਹਿਣ ਵਾਲੇ ਸ਼ਾਹ ਨੂੰ ਭੇਜਦੇ ਸਨ ਜਿਸ ਤੋਂ ਬਾਅਦ ਸ਼ਾਹ ਉਸ ਲੋਕੇਸ਼ਨ ’ਤੇ ਡ੍ਰੋਨ ਰਾਹੀਂ ਹੈਰੋਇਨ ਪਹੁੰਚਾ ਦਿੰਦਾ ਸੀ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ, ਸੰਦੀਪ ਸਿੰਘ ਭੁੱਟੀ ਤੇ ਰਸ਼ਪਾਲ ਸਿੰਘ ਪੱਠੇ ਲਿਆਉਣ ਦੇ ਬਹਾਨੇ ਲੋਕੇਸ਼ਨ ’ਤੇ ਡ੍ਰੋਨ ਰਾਹੀਂ ਡਿੱਗੀ ਹੋਈ ਹੈਰੋਇਨ ਰੇਹੜੀ ਤੇ ਪੱਠਿਆਂ ’ਚ ਲੁਕੋ ਕੇ ਲੈ ਆਉਂਦੇ ਸਨ। ਜਸਪਾਲ ਸਿੰਘ ਨੇ ਇਹ ਜ਼ਮੀਨ ਅਮਰਜੀਤ ਸਿੰਘ ਵਾਸੀ ਪਿੰਡ ਮੁਹਾਵਾ ਤੋਂ ਠੇਕੇ ’ਤੇ ਲਈ ਹੋਈ ਹੈ ਜੋ ਪੰਜ ਕਿੱਲੋ ਹੈਰੋਇਨ ਦੇ ਮੁਕੱਦਮੇ ’ਚ ਜੇਲ੍ਹ ’ਚ ਬੰਦ ਹੈ।

Comments


Logo-LudhianaPlusColorChange_edited.png
bottom of page