04/02/2024
ਪੁਲਿਸ ਨੇ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ 3 ਮੈਬਰਾਂ ਨੂੰ 14 ਪਿਸਤੌਲਾਂ ਸਮੇਤ ਮੈਗਜ਼ੀਨ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਧਾਲੀਵਾਲ ਵਾਸੀ ਨਾਲਾਗੜ੍ਹ, ਸੋਨਲ (ਹਿਮਾਚਲ ਪ੍ਰਦੇਸ਼), ਇਕਬਾਲ ਸਿੰਘ ਵਾਸੀ ਪਿੰਡ ਗੰਧਵਾਨੀ (ਮੱਧ ਪ੍ਰਦੇਸ਼) ਤੇ ਅਕਾਸ਼ ਡਾਵਰ ਵਾਸੀ ਪਿਸ਼ੋਲਾ, ਮੱਧ ਪ੍ਰਦੇਸ਼ ਵਜੋਂ ਹੋਈ।
ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਗਸ਼ਤ ਦੌਰਾਨ ਆਈਟੀਆਈ ਸਮਰਾਲਾ ਨੇੜੇ ਮਾਛੀਵਾੜਾ ਸਾਹਿਬ ਸਾਈਡ ਤੋਂ ਪੈਦਲ ਆ ਰਹੇ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਾਂਚ ਕੀਤੀ ਤਾਂ ਉਸ ਤੋਂ ਇਕ ਦੇਸੀ ਪਿਸਤੌਲ .32 ਬੋਰ ਸਮੇਤ ਮੈਗਜ਼ੀਨ ਤੇ ਇਕ ਕਾਰਤੂਸ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਸਤਨਾਮ ਸਿੰਘ ਧਾਲੀਵਾਲ ਵਾਸੀ ਨਾਲਾਗੜ੍ਹ (ਹਿਮਾਚਲ ਪ੍ਰਦੇਸ਼) ਵਜੋ ਹੋਈ। ਪੁੱਛਗਿੱਛ ਦੌਰਾਨ ਸਤਨਾਮ ਸਿੰਘ ਨੇ ਦੱਸਿਆ ਉਹ ਇਹ ਅਸਲਾ ਇਕਬਾਲ ਸਿੰਘ ਵਾਸੀ ਪਿੰਡ ਗੰਧਵਾਨੀ (ਮੱਧ ਪ੍ਰਦੇਸ਼) ਤੋਂ ਲੈ ਕੇ ਆਇਆ ਹੈ, ਜਿਸ ’ਤੇ ਪੁਲਿਸ ਟੀਮ ਨੇ ਇਕਬਾਲ ਸਿੰਘ ਨੂੰ 6 ਪਿਸਤੌਲ .32 ਬੋਰ ਸਮੇਤ ਮੈਗਜ਼ੀਨ ਤੇ ਇਕ ਪਿਸਤੌਲ .30 ਬੋਰ ਸਮੇਤ ਗ੍ਰਿਫ਼ਤਾਰ ਕੀਤਾ।
ਦੱਸਣਯੋਗ ਹੈ ਕਿ ਇਕਬਾਲ ਸਿੰਘ ਮੱਧ ਪ੍ਰਦੇਸ਼ ’ਚ ਅਸਲਾ ਬਣਾਉਣ ਦਾ ਕੰਮ ਕਰਦਾ ਹੈ ਤੇ ਉਸ ’ਤੇ ਅਸਲਾ ਐਕਟ ਅਧੀਨ ਪਹਿਲਾਂ ਵੀ ਮੁਕੱਦਮੇ ਦਰਜ ਹਨ। ਮੁਲਜ਼ਮ ਨੇ ਪੁਲਿਸ ਕੋਲ ਮੰਨਿਆ ਕਿ ਕੁਝ ਸਮਾਂ ਪਹਿਲਾਂ ਅਕਾਸ਼ ਡਾਵਰ ਵਾਸੀ ਪਿਸ਼ੋਲਾ, ਮੱਧ ਪ੍ਰਦੇਸ਼ ਉਸ ਪਾਸੋਂ 6 ਪਿਸਤੋਲ ਅੱਗੇ ਸਪਲਾਈ ਕਰਨ ਲਈ ਲੈ ਕੇ ਗਿਆ ਹੈ, ਜਿਸ ’ਤੇ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਅਕਾਸ਼ ਨੂੰ 5 ਪਿਸਤੌਲ .32 ਬੋਰ ਸਮੇਤ ਮੈਗਜ਼ੀਨ ਤੇ ਇਕ ਪਿਸਤੌਲ .30 ਬੋਰ ਸਮੇਤ ਗ੍ਰਿਫ਼ਤਾਰ ਕੀਤਾ। ਐੱਸਐੱਸਪੀ ਅਨੁਸਾਰ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।]
Comments