ਪੁਲਿਸ ਮੁਲਾਜ਼ਮਾਂ ਦੇ ਖਾਸ ਦਿਨਾਂ ਨੂੰ ਹੋਰ ਵੀ ਮਹੱਤਵਪੂਰਣ ਤੇ ਯਾਦਗਾਰ ਬਣਾਉਣ ਦੇ ਮੰਤਵ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਪੰਜਾਬ ਪੁਲਿਸ ਦੇ 23 ਜਵਾਨਾਂ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸੁ਼ੱਭਕਾਮਨਾਵਾਂ ਦਿੱਤੀਆਂ ਹਨ।
ਪੰਜਾਬ ਸਰਕਾਰ ਦੀ ਇਸ ਨਿਵੇਕਲੀ ਪਹਿਲਕਦਮੀ ਦੇ ਤਹਿਤ, ਕਮਿਸ਼ਨਰ ਪੁਲਿਸ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਵਧਾਈ ਦੇਣ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅਤੇ ਡੀ.ਜੀ.ਪੀ. ਸ੍ਰੀ ਵੀ.ਕੇ. ਭਵਰਾ ਦੇ ਸਾਂਝੇ ਤੌਰ 'ਤੇ ਹਸਤਾਖਰਾਂ ਵਾਲਾ ਇੱਕ ਗ੍ਰੀਟਿੰਗ ਕਾਰਡ ਦਿੱਤਾ ਜਿਸ 'ਤੇ ਲਿਖਿਆ ਹੈ ਕਿ 'ਅੱਜ ਤੁਹਾਡੇ ਜਨਮ ਦਿਨ 'ਤੇ, ਅਸੀਂ ਤੁਹਾਨੂੰ ਆਪਣੇ ਦਿਲ ਦੀ ਗਹਿਰਾਈਆਂ ਤੋੋਂ ਮੁਬਾਰਕਵਾਦ ਦਿੰਦੇ ਹਾਂ। ਅਸੀਂ ਦਿਲੋਂ ਅਰਦਾਸ ਕਰਦੇ ਹਾਂ ਕਿ ਆਉਣ ਵਾਲਾ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਚੰਗੀ ਸਿਹਤ ਅਤੇ ਖੁਸ਼ੀਆਂ ਲੈ ਕੇ ਆਵੇ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਡਿਊਟੀ ਨਿਭਾਓ'.
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਮੌਕੇ ਤਾੜੀਆਂ ਵਜਾ ਕੇ ਕਰਮਚਾਰੀਆਂ ਦੀ ਖੁਸ਼ਹਾਲੀ ਅਤੇ ਲੰਬੀ ਉਮਰ ਦੀ ਕਾਮਨਾ ਕਰਦਿਆਂ ਕਿਹਾ ਕਿ ਇਹ ਸਦਭਾਵਨਾ ਉਨ੍ਹਾਂ ਦੇ ਵਿਸ਼ੇਸ਼ ਦਿਨ ਮੌਕੇ ਪੁਲਿਸ ਫੋਰਸ ਦਾ ਮਨੋਬਲ ਉੱਚਾ ਕਰੇਗੀ। ਉਨ੍ਹਾਂ ਦੇ ਨਾਲ ਏ.ਡੀ.ਸੀ.ਪੀ. ਡਾ. ਪ੍ਰਗਿਆ ਜੈਨ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਰੋਜ਼ਾਨਾ ਦੇ ਅਧਾਰ 'ਤੇ ਬੇਹੱਦ ਚੁਣੌਤੀਪੂਰਨ ਸਥਿਤੀਆਂ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਕਿਹਾ ਆਮ ਲੋਕਾਂ ਦੀ ਸੁਰੱਖਿਆ ਲਈ ਆਪਣੀ ਡਿਊਟੀ ਨਿਭਾਉਂਣ ਲਈ ਇਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਕਈ ਵਾਰ ਹਿੰਸਕ ਸਥਿਤੀਆਂ ਵਿੱਚ ਵੀ ਧਕੇਲਣਾ ਪੈਂਦਾ ਹੈ। ਇਨ੍ਹਾਂ ਯੋਧਿਆਂ ਦੇ ਜਨਮ ਦਿਨ ਮੌਕੇ ਇਨ੍ਹਾਂ ਨੂੰ ਯਾਦ ਕਰਨਾ, ਉਨ੍ਹਾਂ ਦੁਆਰਾ ਨਿਭਾਈਆਂ ਗਈਆਂ ਨਿਰਸਵਾਰਥ ਸੇਵਾਵਾਂ ਦੀ ਸ਼ਲਾਘਾ ਕਰਕੇ ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬਣਦਾ ਮਾਣ ਦੇਣਾ ਇੱਕ ਚੰਗੀ ਪਹਿਲ ਹੈ।
ਉਨ੍ਹਾ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਮੁਲਾਜ਼ਮ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਡਿਊਟੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਜਾਂ ਵੱਖ-ਵੱਖ ਸਟੇਸ਼ਨਾਂ 'ਤੇ ਸਹੂਲਤ ਦੇ ਆਧਾਰ 'ਤੇ ਇਹ ਸਮਾਗਮ ਨਿਯਮਤ ਰੂਪ ਵਿਚ ਕਰਵਾਏ ਜਾਣਗੇ।
Comments