04/11/2024
ਪੰਜਾਬ ਦੀ ਸਨਅਤੀ ਰਾਜਧਾਨੀ ਲਗਾਤਾਰ ਤੀਜੇ ਦਿਨ ਵੀ ਪ੍ਰਦੂਸ਼ਣ ਦੀ ਜ਼ਦ ਵਿਚ ਰਹੀ ਜਿਸ ਕਾਰਨ ਏਕਿਊਆਈ ਵੀ 300 ਤੋਂ ਪਾਰ ਰਿਹਾ। ਹਵਾ ਵਿਚ ਪ੍ਰਦੂਸ਼ਣ ਵਧਣ ਨਾਲ ਲੋਕਾਂ ਨੂੰ ਘੁਟਣ, ਘਬਰਾਹਟ ਤੇ ਸਾਹ ਲੈਣ ਵਿਚ ਤਕਲੀਫ ਮਹਿਸੂਸ ਹੋ ਰਹੀ ਸੀ। ਸ਼ਹਿਰ ਦੇ ਕਈ ਇਲਾਕਿਆਂ ਵਿਚ ਦੋ ਨਵੰਬਰ ਦੀ ਅੱਧੀ ਰਾਤ ਤੋਂ ਲੈ ਕੇ ਐਤਵਾਰ ਸਵੇਰੇ ਅੱਠ ਵਜੇ ਤੱਕ ਬਹੁਤ ਜ਼ਿਆਦਾ ਪ੍ਰਦੂਸ਼ਣ ਕਾਰਨ ਸਮੌਗ ਵਰਗੇ ਹਾਲਾਤ ਬਣੇ ਰਹੇ। ਅਜਿਹਾ ਲੱਗ ਰਿਹਾ ਸੀ ਜਿਵੇਂ ਧੁੰਦ ਛਾਈ ਹੋਵੇ। ਇਸ ਨੂੰ ਵੇਖ ਕੇ ਸੈਰ ਲਈ ਨਿਕਲੇ ਲੋਕ ਹੈਰਾਨ ਹੋਏ। ਇਹੀ ਨਹੀਂ ਸਮੌਗ ਕਾਰਨ ਸਵੇਰੇ ਤੇ ਸ਼ਾਮ ਵੇਲੇ ਦਿਸਣ ਹੱਦ ਵੀ ਪ੍ਰਭਾਵਤ ਹੋਈ। ਦੋ ਪਹੀਆ ਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਹੈੱਡ ਲਾਈਟ ਜਗਾ ਕੇ ਜਾਣਾ ਪਿਆ।
ਮੌਸਮ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਮੁਤਾਬਿਕ ਪੰਜਾਬ ਦੇ ਕਈ ਜ਼ਿਲਿ੍ਆਂ ਵਿਚ ਪ੍ਰਦੂਸ਼ਣ ਦਾ ਪੱਧਰ ਇੰਨਾ ਵਧ ਚੁੱਕਾ ਹੈ ਕਿ ਸਮੌਗ ਛਾਉਣ ਲੱਗਾ ਹੈ। ਸਮੌਗ ਕਾਰਨ ਦਿਸਣ ਹੱਦ ਵੀ ਪ੍ਰਭਾਵਤ ਹੋ ਰਹੀ ਹੈ।
ਸਮੌਗ ਖਤਮ ਹੋਣ ਲਈ ਮੀਂਹ ਜਾਂ 15 ਤੋਂ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲਣੀ ਜ਼ਰੂਰੀ ਹੈ ਪਰ ਇਸ ਸਮੇਂ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ, ਉਸ ਮੁਤਾਬਿਕ ਦਸ ਨਵੰਬਰ ਤੱਕ ਸਮੌਗ ਦੇ ਹਟਣ ਦੀ ਸੰਭਾਵਨਾ ਨਹੀਂ ਹੈ। ਕਿਉਂਕਿ ਇਸ ਸਮੇਂ ਸ਼ਾਂਤ ਹਾਲਾਤ ਇਹ ਨੇ ਕਿ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ, ਯਾਨੀ ਕਿ ਹਵਾ ਬਿਲਕੁਲ ਸ਼ਾਂਤ ਤੇ ਰੁਕੀ ਹੋਈ ਹੈ। ਹਵਾ ਦੀ ਰਫਤਾਰ ਵੀ ਪੰਜ ਤੋਂ ਛੇ ਕਿਲੋਮੀਟਰ ਪ੍ਰਤੀ ਘੰਟੇ ਦੀ ਹੈ। ਹਾਲਾਂਕਿ ਪੱਛਮੀ ਪੌਣਾਂ ਸਰਗਰਮ ਹੋਣ ਦੀ ਸੰਭਾਵਨਾ ਹੈ ਪਰ ਇਹ ਪੂਰੀ ਤਰ੍ਹਂ ਨਾਲ ਸਰਗਰਮ ਨਹੀਂ ਹੋਣਗੀਆਂ ਜਿਸ ਕਾਰਨ ਤੇਜ਼ ਹਵਾ ਚੱਲਣ ਤੇ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਅਜਿਹੇ ਵਿਚ ਲੋਕਾਂ ਨੂੰ ਸਮੌਗ ਤੋਂ ਬਚਣ ਲਈ ਜ਼ਰੂਰੀ ਸਾਵਧਾਨੀ ਰੱਖਣੀ ਜ਼ਰੂਰੀ ਹੈ। ਦੂਜੇ ਪਾਸੇ ਸ਼ਹਿਰ ਦੇ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਚੌਕਸ ਕੀਤਾ ਹੈ ਕਿ ਪ੍ਰਦੂਸ਼ਤ ਹਵਾ ਵਿਚ ਵੱਧ ਦੇਰ ਰੁਕਣ ਤੋਂ ਬਚਣ। ਖਾਸ ਕਰ ਕੇ ਬੱਚੇ, ਬਜ਼ੁਰਗ ਤੇ ਦਿਲ ਦੇ ਰੋਗਾਂ ਦੇ ਨਾਲ-ਨਾਲ ਦੂਜੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਚੌਕਸੀ ਵਰਤਣ ਦੀ ਲੋੜ ਹੈ, ਥੋੜ੍ਹੀ ਜਿਹੀ ਲਾਪ੍ਰਵਾਹੀ ਸਿਹਤ ’ਤੇ ਭਾਰੀ ਪੈ ਸਕਦੀ ਹੈ।
ਸਾਹ ਤੇ ਦਿਲ ਦੇ ਮਰੀਜ਼ ਘਰੋਂ ਬਾਹਰ ਨਾ ਨਿਕਲਣ
ਸੀਬੀਆ ਮੈਡੀਕਲ ਸੈਂਟਰ ਦੇ ਡਾ. ਐੱਸਐੱਸ ਸੀਬੀਆ ਮੁਤਾਬਿਕ ਪ੍ਰਦੂਸ਼ਤ ਹਵਾ ਵਿਚ ਸਾਹ ਲੈਣ ਨਾਲ ਸਾਹ ਤੇ ਦਿਲ ਦੋ ਮਰੀਜ਼ਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਕਿਉਂਕਿ ਪ੍ਰਦੂਸ਼ਤ ਹਵਾ ਵਿਚ ਮੌਜੂਦ ਪਾਰਟੀਕੁਲਰ ਮੈਟਰ ਖੂਨ ਵਿਚ ਆਸਾਨੀ ਨਾਲ ਦਾਖਲ ਹੋ ਜਾਂਦਾ ਹੈ। ਇਹ ਨਾੜੀਆਂ ਵਿਚ ਸੋਜ਼ ਦਾ ਕਾਰਨ ਬਣਦਾ ਹੈ। ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਲਈ ਪ੍ਰਦੂਸ਼ਤ ਹਵਾ ਦੇ ਸੰਪਰਕ ਵਿਚ ਆਉਣਾ ਉਨ੍ਹਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਵਧਾ ਸਕਦਾ ਹੈ। ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਤੇ ਬਾਹਰ ਪਾਣੀ ਦਾ ਛਿੜਕਾਅ ਕਰੋ, ਇਸ ਨਾਲ ਪ੍ਰਦੂਸ਼ਣ ਘੱਟ ਹੁੰਦਾ ਹੈ। ਹਵਾ ਨੂੰ ਸਾਫ ਕਰਨ ਵਾਲੇ ਪੌਦੇ ਘਰ ਅੰਦਰ ਲਾਓ।
ਬੱਚਿਆਂ ਲਈ ਵੀ ਖਤਰਨਾਕ ਹੈ ਪ੍ਰਦੂਸ਼ਣ
ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਵਿਕਾਸ ਬਾਂਸਲ ਨੇ ਕਿਹਾ ਕਿ ਅਚਾਨਕ ਖੰਘ, ਜ਼ੁਕਾਮ, ਗਲਾ ਖਰਾਬ ਹੋਣ, ਨੱਕ ਬੰਦ ਹੋਣ ਤੇ ਬੁਖਾਰ ਦੀ ਸ਼ਿਕਾਇਤ ਦੇ ਨਾਲ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। ਨਵਜੰਮੇ ਬੱਚਿਆਂ ਤੋਂ ਲੈ ਕੇ ਦੋ ਸਾਲ ਤੱਕ ਦੇ ਬੱਚਿਆਂ ਲਈ ਬੱਚਿਆਂ ਲਈ ਪ੍ਰਦੂਸ਼ਤ ਵਾਤਾਵਰਣ ਤੋਂ ਵੱਧ ਸਮੱਸਿਆਵਾਂ ਆਉਂਦੀਆਂ ਹਨ। ਅਜਿਬੇ ਬੱਚਿਆਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਵੱਧ ਦੇਰ ਤੱਕ ਪ੍ਰਦੂਸ਼ਤ ਹਵਾ ਦੇ ਸੰਪਰਕ ਵਿਚ ਰਹਿਣ ਨਾਲ ਬੱਚਿਆਂ ਨੂੰ ਖੰਘ, ਜ਼ੁਕਾਮ, ਛਿੱਕਾਂ ਆਉਣ, ਸਾਹ ਲੈਣ ਵਿਚ ਦਿੱਕਤ ਸਮੇਤ ਐਲਰਜੀ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਲਈ ਛੋਟੇ ਬੱਚਿਆਂ ਨੂੰ ਇਸ ਤਰ੍ਹਂ ਦੇ ਮੌਸਮ ਵਿਚ ਘਰੋਂ ਬਾਹਰ ਨਹੀਂ ਲਿਜਾਣਾ ਚਾਹੀਦਾ। ਜਿਨ੍ਹਾਂ ਬੱਚਿਆਂ ਨੂੰ ਅਸਥਮਾ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਲੱਛਣ ਮਹਿਸੂਸ ਹੁੰਦੇ ਹੀ ਇਲਾਜ ਸ਼ੁਰੂ ਕਰਵਾਓ। ਪ੍ਰਦੂਸ਼ਣ ਕਾਰਨ ਬੱਚਿਆਂ ਦੀਆਂ ਅੱਖਾਂ ਦੀ ਸਮੱਸਿਆ ਵੱਧ ਜਾਂਦੀ ਹੈ। ਅਜਿਹੇ ਵਿਚ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀਆਂ ਅੱਖਾਂ ਨੂੰ ਰੂੰਅ ਨਾਲ ਸਾਫ ਕਰਦੇ ਰਹਿਣ। ਸਕੂਲ ਜਾਣ ਵਾਲੇ ਬੱਚਿਆਂ ਨੂੰ ਮਾਸਕ ਪੁਆ ਕੇ ਘਰੋਂ ਭੇਜਣ। ਪ੍ਰਦੂਸ਼ਣ ਵਧਣ ’ਤੇ ਬੱਚਿਆਂ ਨੂੰ ਸ਼ਾਮ ਸਮੇਂ ਖੇਡਣ ਲਈ ਘਰੋਂ ਬਾਹਰ ਨਾ ਭੇਜਣ। ਇਨਡੋਰ ਖੇਡਾਂ ਹੀ ਖੇਡਣ ਲਈ ਕਿਹਾ ਜਾਵੇ।
ਪ੍ਰਦੂਸ਼ਤ ਹਵਾ ਗਰਭਵਤੀਆਂ ਲਈ ਵੀ ਨੁਕਸਾਨਦੇਹ
ਔਰਤਾਂ ਦੇ ਰੋਗਾਂ ਦੇ ਮਾਹਰ ਡਾ. ਵੀਨਸ ਨੇ ਕਿਹਾ ਹੈ ਕਿ ਆਮ ਤੇ ਗੰਭੀਰ ਮਰੀਜ਼ਾਂ ਵਾਂਗ ਗਰਭਵਤੀਆਂ ’ਤੇ ਪ੍ਰਦੂਸ਼ਣ ਦਾ ਅਸਰ ਪੈਂਦਾ ਹੈ। ਪ੍ਰਦੂਸ਼ਤ ਹਵਾ ਦੇ ਸੰਪਰਕ ਵਿਚ ਵੱਧ ਦੇਰ ਰਹਿਣ ਕਾਰਨ ਫੇਫੜਿਆਂ ਦੀ ਸਮਰੱਥਾ ਘੱਟ ਹੋਣ ਲੱਗਦੀ ਹੈ। ਜੇਕਰ ਗਰਭਵਤੀ ਨੂੰ ਅਸਥਮਾ ਦੀ ਸ਼ਿਕਾਇਤ ਹੈ ਤਾਂ ਦਿੱਕਤ ਵਧ ਜਾਂਦੀ ਹੈ। ਅਸਥਮੈਟਿਕ ਗਰਭਵਤੀਆਂ ਨੂੰ ਪ੍ਰਦੂਸ਼ਣ ਵਧਣ ਤੋਂ ਪਹਿਲਾਂ ਆਪਣੀਆਂ ਦਵਾਈਆਂ ਲੈਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਗਰਭਵਤੀਆਂ ਨੂੰ ਵੀ ਧਿਆਨ ਵਿਚ ਰੱਖਣਾ ਹੋਵੇਗਾ ਕਿ ਜਦੋਂ ਤੱਕ ਪ੍ਰਦੂਸ਼ਣ ਵੱਧ ਹੈ, ਉਦੋਂ ਤੱਕ ਅਜਿਹੇ ਇਲਾਕਿਆਂ ਵਿਚ ਬਿਲਕੁਲ ਨਾ ਜਾਣ, ਜਿਥੇ ਪ੍ਰਦੂਸ਼ਣ ਦੀ ਸਥਿਤੀ ਵਧੇਰੇ ਖਰਾਬ ਹੈ। ਘਰੋਂ ਬਾਹਰ ਘੱਟ ਤੋਂ ਘੱਟ ਨਿਕਲੋ ਤੇ ਜੇਕਰ ਜਾਣਾ ਜ਼ਰੂਰੀ ਹੈ ਤਾਂ ਹਮੇਸ਼ਾ ਮਾਸਕ ਪਾਓ। ਅਸਥਮਾਂ ਦੇ ਮਰੀਜ਼ ਹੋ ਤਾਂ ਆਪਣੇ ਡਾਕਟਰ ਦੀ ਸਲਾਹ ਅਨੁਸਾਰ ਇਨਹੇਲਰ ਹਮੇਸ਼ਾ ਨਾਲ ਰੱਖੋ ਤੇ ਇਸ ਦੀ ਵਰਤੋਂ ਵੀ ਕਰੋ। ਹਰੀਆਂ ਪੱਤੇਦਾਰ ਸਬਜ਼ੀਆਂ ਦੇ ਨਾਲ ਵਿਟਾਮਿਨ ਸੀ ਨਾਲ ਭਰਪੂਰ ਖਾਣਾ ਖਾਓ। ਇਸ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਨਾਲ ਹੀ ਤਰਲ ਪਦਾਰਥ ਵੀ ਲਵੋ।
Comments