10/02/2024
ਪੰਜਾਬ ਦੇ ਪ੍ਰੀ ਪ੍ਰਾਇਮਰੀ ਸਕੂਲਾਂ ’ਚ ਅਕਾਦਮਿਕ ਵਰ੍ਹੇ 2024-25 ਤੋਂ ਨਰਸਰੀ ਜਮਾਤ ਦਾ ਵੀ ਦਾਖ਼ਲਾ ਹੋਵੇਗਾ। ਇਸ ਤੋਂ ਪਹਿਲਾਂ ਇਸ ’ਚ ਸਿਰਫ਼ ਐੱਲਕੇਜੀ ਤੇ ਯੂਕੇਜੀ ਜਮਾਤਾਂ ਹੀ ਚੱਲ ਰਹੀਆਂ ਸਨ। ਸਿੱਖਿਆ ਵਿਭਾਗ ਵੱਲੋਂ ਜਾਰੀ ਨਵੇਂ ਹੁਕਮਾਂ ਤੋਂ ਬਾਅਦ ਹੁਣ ਇਨ੍ਹਾਂ ਸਕੂਲਾਂ ’ਚ ਜਮਾਤਾਂ ਦੀ ਗਿਣਤੀ ਵਧ ਕੇ ਤਿੰਨ ਹੋ ਜਾਵੇਗੀ। ਦਾਖ਼ਲਾ ਪਹਿਲੀ ਅਪ੍ਰੈਲ 2024 ਤੋਂ ਸ਼ੁਰੂ ਹੋਵੇਗਾ। ਨਰਸਰੀ ’ਚ ਦਾਖ਼ਲੇ ਦੀ ਉਮਰ 3-4 ਸਾਲ ਰੱਖੀ ਗਈ ਹੈ। ਐੱਲਕੇਜੀ ’ਚ 4-5 ਸਾਲ, ਤੇ ਯੂਕੇਜੀ ’ਚ ਦਾਖ਼ਲੇ ਲਈ ਉਮਰ ਹੱਦ 5-6 ਸਾਲ ਰੱਖੀ ਗਈ ਹੈ। ਪਹਿਲੀ ਜਮਾਤ ’ਚ ਦਾਖ਼ਲਾ ਲਈ ਉਮਰ ਹੁਣ 6 ਸਾਲ ਹੋਣੀ ਜ਼ਰੂਰੀ ਹੈ। ਇਸ ਤੋਂ ਘੱਟ ਨੂੰ ਦਾਖ਼ਾਲ ਨਹੀਂ ਮਿਲੇਗਾ। ਉਮਰ ਦੀ ਗਣਨਾਂ ਲਈ ਮਿਤੀ 1 ਅਪ੍ਰੈਲ 2024 ਤੈਅ ਕੀਤੀ ਗਈ ਹੈ। ਇਸ ਸਬੰਧੀ ਸਪੈਸ਼ਲ ਸਿੱਖਿਆ ਸਕੱਤਰ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ 9 ਨੁਕਾਤੀ ਪੱਤਰ ਵੀ ਜਾਰੀ ਕਰ ਦਿੱਤਾ ਹੈ। ਹੁਕਮਾਂ ਅਨੁਸਾਰ ਸਾਲ 2023-24 ਜਾਂ ਇਸ ਤੋਂ ਪਹਿਲਾਂ ਦਾਖ਼ਲ ਹੋਏ ਵਿਦਿਆਰਥੀਆਂ ’ਤੇ ਉਮਰ ਹੱਦ ਤੋਂ ਛੋਟੇ/ਵੱਡੇ ਹੋਣ ’ਤੇ ਇਹ ਨਿਯਮ ਲਾਗੂ ਨਹੀਂ ਹੋਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਅਗਲੀ ਜਮਾਤ ’ਚ ਦਾਖ਼ਲਾ ਦੇ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਵੀ ਪ੍ਰੀ-ਪ੍ਰਾਇਮਰੀ ’ਚ ਦਾਖ਼ਲੇ ਵਧਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਦੱਸਣਾਂ ਬਣਦਾ ਹੈ ਕਿ ਪ੍ਰੀ-ਪ੍ਰਾਇਮਰੀ ਸਿੱਖਿਆ ਕੌਮੀ ਸਿੱਖਿਆ ਨੀਤੀ 2020 ਦਾ ਹਿੱਸਾ ਹੈ। ਹਾਲਾਂਕਿ ਪੰਜਾਬ ’ਚ ਨਵੰਬਰ 2017 ’ਚ ਕਾਂਗਰਸ ਸਰਕਾਰ ਵੇਲੇ ਇਹ ਪ੍ਰਣਾਲੀ ਸ਼ੁਰੂ ਕੀਤਾ ਗਈ ਸੀ। ਪੰਜਾਬ ’ਚ ਇਸ ਵੇਲੇ 12 ਹਜ਼ਾਰ 880 ਪ੍ਰੀ-ਪ੍ਰਾਇਮਰੀ ਸਕੂਲ ਹਨ। ਇਨ੍ਹਾਂ ’ਚ ਕਰੀਬ ਤਿੰਨ ਲੱਖ 84 ਹਜ਼ਾਰ ਵਿਦਿਆਰਥੀ ਪੜ੍ਹਦੇ ਹਨ।
ਸਿੱਖਣ ਸਮੱਗਰੀ ’ਤੇ ਹੋ ਰਿਹੈ ਕੰਮ
ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਨਰਸਰੀ ਜਮਾਤ ਦੇ ਵਿਦਿਆਰਥੀਆਂ ਦੀ ਕਲਾਸ ਸਿਰਫ਼ ਇਕ ਘੰਟਾ ਲੱਗੇਗੀ। ਐੱਲਕੇਜੀ ਤੇ ਯੂਕੇਜੀ ਦੀਆਂ ਜਮਾਤਾਂ ਪਹਿਲਾਂ ਤੈਅ ਸਮੇਂ ਵਾਂਗ ਹੀ ਲੱਗਣਗੀਆਂ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਨਸਿਕ ਪੱਧਰ ਨੂੰ ਧਿਆਨ ’ਚ ਰੱਖ ਕੇ ਪੜ੍ਹਾਇਆ ਜਾਵੇਗਾ। ਨਰਸਰੀ ਦੇ ਵਿਦਿਆਰਥੀਆਂ ਦੀ ਸਿੱਖਣ-ਸਿਖਾਉਣ ਦੀ ਸਮੱਗਰੀ ’ਤੇ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਕੰਮ ਕਰ ਰਹੀਆਂ ਹਨ। ਇਹ ਸਮੱਗਰੀ ਵੱਖਰੇ ਤੌਰ ’ਤੇ ਜਾਰੀ ਕੀਤੀ ਜਾਵੇਗੀ।
Comments