08/02/2024
ਸੂਬੇ ਦੇ ਕਈ ਜ਼ਿਲ੍ਹਿਆਂ ’ਚ ਬੁੱਧਵਾਰ ਨੂੰ ਸੀਤ ਲਹਿਰ ਚੱਲੀ, ਜਿਸ ਨਾਲ ਤਾਪਮਾਨ ’ਚ ਗਿਰਾਵਟ ਕਾਰਨ ਠੰਢ ਵਧ ਗਈ। ਦਿਨ ਸਮੇਂ ਮੌਸਮ ਸਾਫ਼ ਰਿਹਾ ਤੇ ਕਈ ਜ਼ਿਲ੍ਹਿਆਂ ’ਚ ਧੁੱਪ ਵੀ ਨਿਕਲੀ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਬਰਨਾਲਾ ਸੂੁਬੇ ’ਚ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 2.9 ਡਿਗਰੀ ਰਿਹਾ। ਇਸੇ ਤਰ੍ਹਾਂ ਮੋਗਾ ਦਾ ਘੱਟੋ-ਘੱਟ ਤਾਪਮਾਨ 3.5, ਬਠਿੰਡਾ, ਪਠਾਨਕੋਟ, ਜਲੰਧਰ, ਫ਼ਿਰੋਜ਼ਪੁਰ, ਅੰਮ੍ਰਿਤਸਰ ਤੇ ਫ਼ਰੀਦਕੋਟ ਦਾ 4 ਤੇ ਲੁਧਿਆਣਾ, ਪਟਿਆਲਾ ਤੇ ਗੁਰਦਾਸਪੁਰ ਦਾ ਪੰਜ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਦਿਨ ਦਾ ਤਾਪਮਾਨ ਸਭ ਤੋਂ ਜ਼ਿਆਦਾ ਫ਼ਰੀਦਕੋਟ ’ਚ 20.5 ਡਿਗਰੀ ਸੈਲਸੀਅਸ ਰਿਹਾ ਜਦਕਿ ਪਠਾਨਕੋਟ ’ਚ 20.1, ਚੰਡੀਗੜ੍ਹ, ਲੁਧਿਆਣਾ, ਫ਼ਰੀਦਕੋਟ, ਪਟਿਆਲਾ, ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ’ਚ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਵੀਰਵਾਰ ਤੋਂ ਸੀਤ ਲਹਿਰ ਦਾ ਪ੍ਰਭਾਵ ਖ਼ਤਮ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਰਹੇਗਾ। 13 ਫਰਵਰੀ ਨੂੰ ਪੱਛਮੀ ਗੜਬੜੀ ਦੁਬਾਰਾ ਸਰਗਰਮ ਹੋਣ ਦੀ ਸੰਭਾਵਨਾ ਹੈ ਤੇ ਕਈ ਜ਼ਿਲ੍ਹਿਆਂ ’ਚ ਮੀਂਹ ਪੈ ਸਕਦਾ ਹੈ।
Comments