12/12/2023
ਹਲਕਾ ਉੜਮੁੜ ਟਾਂਡਾ ਦੇ ਬੇਟ ਖੇਤਰ ਨਾਲ ਸਬੰਧਤ ਪਿੰਡ ਭੂਲਪੁਰ ਵਿਖੇ ਗੁਰਦੁਆਰਾ 108 ਸੰਤ ਬਾਬਾ ਰਘਵੀਰ ਸਿੰਘ ਜੀ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੀ ਬੇਅਦਬੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ । ਮੁਲਜ਼ਮ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ 14 ਅੰਗ ( 28 ਪੰਨੇ ) ਖੰਡਿਤ ਕੀਤੇ ਗਏ।
ਘਟਨਾ ਦੀ ਸੂਚਨਾ ਮਿਲਣ 'ਤੇ ਡੀਐੱਸਪੀ ਟਾਂਡਾ ਕੁਲਵੰਤ ਸਿੰਘ ਤੇ ਐੱਸਐੱਚਓ ਟਾਂਡਾ ਉਂਕਾਰ ਸਿੰਘ ਬਰਾੜ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਿੰਡ ਭੂਲਪੁਰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਤੇ ਮੁਲਜ਼ਮ ਦਲੇਰ ਸਿੰਘ ਪੁੱਤਰ ਭਗਵਾਨ ਸਿੰਘ ਹਾਲ ਵਾਸੀ ਪਿੰਡ ਚੌਹਾਣਾ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਪ੍ਰਧਾਨ ਨਰੰਜਣ ਸਿੰਘ ਤੇ ਗ੍ਰੰਥੀ ਮਲਕੀਤ ਸਿੰਘ ਨੇ ਦੱਸਿਆ ਕਿ ਮਿਤੀ 4 ਨਵੰਬਰ 2023 ਤੋਂ 6 ਨਵੰਬਰ ਨੂੰ ਵਿਅਕਤੀ ਦਲੇਰ ਸਿੰਘ ਘਰ ਉਸਦੀ ਮਾਤਾ ਦੀ ਮੌਤ ਸਬੰਧੀ ਪਿੰਡ ਚੌਹਾਣਾ ਵਿਖੇ ਉਸਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਅਰੰਭ ਹੋਏ । ਇਸ ਦੌਰਾਨ ਦਲੇਰ ਸਿੰਘ ਪਾਠ ਕਰਦੇ ਗ੍ਰੰਥੀ ਸਿੰਘ ਨੂੰ ਲੰਗਰ ਛਕਾਉਣ ਦੇ ਬਹਾਨੇ ਉਠਾ ਕੇ ਖੁਦ ਪਾਠ ਕਰਨ ਬੈਠ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਖੰਡਿਤ ਕਰ ਦਿੱਤਾ , ਪਰ ਇਸ ਸਬੰਧੀ ਕਿਸੇ ਵੀ ਗ੍ਰੰਥੀ ਸਿੰਘ ਨੂੰ ਪਤਾ ਨਹੀਂ ਲੱਗਾ ।
ਇਸ ਤੋਂ ਕਰੀਬ ਇੱਕ ਹਫਤੇ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿੰਡ ਵਿੱਚ ਹੋਰ ਦੇ ਘਰ ਅਖੰਡ ਪਾਠ ਸਬੰਧੀ ਲਿਜਾਏ ਗਏ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਗੁਰਦੁਆਰਾ ਕਮੇਟੀ ਨੂੰ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਗੁਰਦੁਆਰਾ ਕਮੇਟੀ ਵੱਲੋਂ ਆਪਣੇ ਤੌਰ 'ਤੇ ਜਾਂਚ-ਪੜਤਾਲ ਅਰੰਭ ਕੀਤੀ। ਗੁਰਦੁਆਰਾ ਕਮੇਟੀ ਵੱਲੋਂ ਜਦੋਂ ਉਕਤ ਦਲੇਰ ਸਿੰਘ ਨੂੰ ਸ਼ੱਕ ਦੇ ਆਧਾਰ 'ਤੇ ਗੁਰਦੁਆਰਾ ਸਾਹਿਬ ਬੁਲਾਇਆ ਤਾਂ ਉਹ ਆਉਣ ਤੋਂ ਆਨਾਕਾਨੀ ਕਰਨ ਲੱਗਾ । ਸੋਮਵਾਰ ਉਕਤ ਮੁਲਜ਼ਮ ਨੂੰ ਗੁਰਦੁਆਰਾ ਕਮੇਟੀ ਵੱਲੋਂ ਫਿਰ ਬੁਲਾਇਆ ਗਿਆ ਤੇ ਦਲੇਰ ਸਿੰਘ ਗੁਰਦੁਆਰਾ ਕਮੇਟੀ ਕੋਲ ਪੇਸ਼ ਹੋਇਆ ਤੇ ਆਪਣਾ ਗੁਨਾਹ ਕਬੂਲ ਕੀਤਾ। ਵਜ੍ਹਾ ਰੰਜਿਸ਼ ਇਹ ਸੀ ਕਿ ਕੁਝ ਸਮਾਂ ਪਹਿਲਾਂ ਉਹ ਪਿੰਡ ਭੂਲਪੁਰ ਵਿਖੇ ਰਹਿੰਦਾ ਸੀ ਤੇ ਗੁਰਦੁਆਰਾ ਸਾਹਿਬ ਵਿਖੇ ਪਾਠ ਕਰਦਾ ਸੀ, ਪਰ ਉਸ ਦੀਆਂ ਆਦਤਾਂ ਸਹੀ ਨਾ ਹੋਣ ਕਰਕੇ ਗੁਰਦੁਆਰਾ ਕਮੇਟੀ ਵੱਲੋਂ ਦਲੇਰ ਸਿੰਘ ਨੂੰ ਗੁਰਦੁਆਰਾ ਸਾਹਿਬ ਵਿਖੇ ਪਾਠ ਕਰਨ ਤੋਂ ਮਨਾ ਕਰ ਦਿੱਤਾ । ਦਲੇਰ ਸਿੰਘ ਇਸ ਤੋਂ ਬਾਅਦ ਪਿੰਡ ਭੂਲਪੁਰ ਛੱਡ ਕੇ ਪਿੰਡ ਚੌਹਾਣਾ ਰਹਿਣ ਲੱਗ ਪਿਆ। ਟਾਂਡਾ ਪੁਲਿਸ ਵੱਲੋਂ ਮੌਕੇ 'ਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਆਪਣੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਘਟਨਾ ਦੀ ਸੂਚਨਾ ਮਿਲਣ 'ਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਥਾਣਾ ਟਾਂਡਾ ਪਹੁੰਚੇ ਤੇ ਗੁਰਦੁਆਰਾ ਕਮੇਟੀ ਮੈਂਬਰਾਂ ਨੂੰ ਮਿਲਣ ਤੋਂ ਬਾਅਦ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਹਲਕਾ ਵਿਧਾਇਕ ਨੇ ਡੀਐੱਸਪੀ ਟਾਂਡਾ ਕੁਲਵੰਤ ਸਿੰਘ ਤੇ ਐੱਸਐੱਚਓ ਟਾਂਡਾ ਉਂਕਾਰ ਸਿੰਘ ਬਰਾੜ ਨੂੰ ਉਕਤ ਵਿਅਕਤੀ ਦਲੇਰ ਸਿੰਘ ਖਿ਼ਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ।
Commentaires