12/12/2023
ਸੋਮਵਾਰ ਸਵੇਰੇ ਬਠਿੰਡਾ ਰਾਮਾ ਮੰਡੀ ਸਥਿਤ ਪੈਟਰੋਲ ਪੰਪ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਲੁੱਟਣ ਵਾਲੇ ਮੁਲਜ਼ਮਾਂ ਤੇ ਪੁਲਿਸ ਦਰਮਿਆਨ ਮੁਕਾਬਲਾ ਹੋ ਗਿਆ। ਮੁਲਜ਼ਮਾਂ ਨੇ ਪੁਲਿਸ ’ਤੇ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ’ਚ ਇਕ ਲੁਟੇਰੇ ਦੇ ਪੈਰ ’ਚ ਗੋਲ਼ੀ ਲੱਗੀ ਹੈ। ਪੁਲਿਸ ਨੇ ਇਸ ਵਾਰਦਾਤ ’ਚ ਸ਼ਾਮਲ ਦੋਵਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਰ ਸਵਾਰ ਅਣਪਛਾਤੇ ਨੌਜਵਾਨਾਂ ਨੇ ਸੋਮਵਾਰ ਸਵੇਰੇ ਰਾਮਾ ਮੰਡੀ ’ਚ ਪੈਟਰੋਲ ਪੰਪ ’ਤੇ ਲੁੱਟ ਨੂੰ ਅੰਜਾਮ ਦਿੱਤਾ। ਪੰਪ ਮਾਲਿਕ ਨੇ ਰਾਮਾ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ ਸੋਮਵਾਰ ਤੜਕੇ ਇਕ ਕਾਰ ’ਚ ਸਵਾਰ ਚਾਰ ਅਣਪਛਾਤੇ ਵਿਅਕਤੀ ਪੈਟਰੋਲ ਭਰਵਾਉਣ ਬਹਾਨੇ ਤਲਵੰਡੀ ਸਾਬੋ-ਰਾਮਾ ਮੰਡੀ ਸਥਿਤ ਸੁਰਜੀਤ ਪੈਟਰੋਲ ਪੰਪ ’ਤੇ ਪੁੱਜੇ। ਉੱਥੇ ਉਨ੍ਹਾਂ 70-80 ਹਜ਼ਾਰ ਰੁਪਏ ਦੀ ਲੁੱਟ ਕੀਤੀ ਤੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਟੀਮ ਨੇ ਪੂਰੇ ਇਲਾਕੇ ’ਚ ਨਾਕਾਬੰਦੀ ਕਰ ਦਿੱਤੀ। ਜਿਸ ’ਚ ਭਾਗੀਵਾਂਦਰ ਕੋਲ ਉਕਤ ਲੁਟੇਰਿਆਂ ਦੇ ਦੋ ਸਾਥੀ ਇਕ ਮੋਟਰਸਾਈਕਲ ’ਤੇ ਆਉਂਦੇ ਨਜ਼ਰ ਆਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਮੁਲਜ਼ਮਾਂ ਨੇ ਪੁਲਿਸ ਟੀਮ ’ਤੇ ਰਿਵਾਲਵਰ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ’ਚ ਇਕ ਗੋਲੀ ਮੁਲਜ਼ਮ ਨੂੰ ਲੱਗੀ ਤੇ ਦੂਜਾ ਮੋਟਰਸਾਈਕਲ ਤੋਂ ਡਿੱਗ ਪਿਆ। ਇਸ ਤੋਂ ਪੁਲਿਸ ਨੇ ਦੋਵਾਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ। ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਮੁਲਜ਼ਮ ਦੀ ਪਛਾਣ ਰਾਜਵਿੰਦਰ ਸਿੰਘ ਦੇ ਰੂਪ ’ਚ ਹੋਈ ਹੈ ਜਦਕਿ ਦੂਜੇ ਮੁਲਜ਼ਮ ਇਕਬਾਲ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Comments