29/12/2023
ਵੀਰਵਾਰ ਨੂੰ ਵੀ ਸੂਬੇ ’ਚ ਸੰਘਣੀ ਧੁੰਦ ਛਾਈ ਰਹੀ। ਬਹੁਤੇ ਜ਼ਿਲ੍ਹਿਆਂ ’ਚ ਦਿਨ ਭਰ ਧੁੱਪ ਨਾ ਨਿਕਲੀ ਤੇ ਦਿਸਣ ਹੱਦ 50 ਮੀਟਰ ਤੱਕ ਰਹੀ। ਅੰਮ੍ਰਿਤਸਰ ’ਚ ਸਿਫ਼ਰ, ਪਟਿਆਲੇ ’ਚ 10 ਮੀਟਰ, ਲੁਧਿਆਣੇ ’ਚ 20 ਮੀਟਰ, ਬਠਿੰਡਾ, ਪਠਾਨਕੋਟ ਤੇ ਹਲਵਾਰਾ ’ਚ ਦਿਸਣ ਹੱਦ 50 ਮੀਟਰ ਤੱਕ ਰਹੀ। ਅੰਮ੍ਰਿਤਸਰ ਤੇ ਲੁਧਿਆਣੇ ’ਚ ਦਿਨ ਤੇ ਰਾਤ ਦੇ ਤਾਪਮਨ ’ਚ ਸਿਰਫ਼ ਚਾਰ ਡਿਗਰੀ ਸੈਲਸੀਅਸ ਦਾ ਫ਼ਰਕ ਰਿਹਾ।
ਲੁਧਿਆਣੇ ’ਚ ਦਿਨ ਦਾ ਤਾਪਮਾਨ 13.2 ਤੇ ਰਾਤ ਦਾ 9.2 ਡਿਗਰੀ, ਅੰਮ੍ਰਿਤਸਰ ’ਚ 13 ਤੇ 9 ਡਿਗਰੀ, ਬਠਿੰਡੇ ’ਚ 18.2 ਤੇ 9 ਡਿਗਰੀ, ਗੁਰਦਾਸਪੁਰ ’ਚ 14 ਤੇ 6.5 ਡਿਗਰੀ, ਪਟਿਆਲੇ ’ਚ 17 ਤੇ 9 ਡਿਗਰੀ ਤੇ ਪਠਾਨਕੋਟ ’ਚ ਦਿਨ ਦਾ ਤਾਪਮਾਨ 18 ਤੇ ਰਾਤ ਦਾ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਕੇਂਦਰ ਚੰਡੀਗੜ੍ਹ ਨੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਬਠਿੰਡਾ ਸਮੇਤ ਹੋਰ ਥਾਈ ਸੰਘਣੀ ਧੁੰਦ ਪੈਣ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਉਧਰ ਸ਼ਨਿਚਰਵਾਰ ਤੇ ਐਤਵਾਰ ਨੂੰ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ’ਚ ਅਗਲੇ ਚਾਰ ਪੰਜ ਦਿਨ ਤੱਕ ਘੱਟੋ ਘੱਟ ਤਾਪਮਾਨ ’ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਵੇਗੀ। ਅਗਲੇ ਦੋ ਦਿਨ ਸੂਬੇ ’ਚ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ।
ਦਿੱਲੀ ਤੇ ਹਰਿਆਣੇ 'ਚ ਸੰਘਣੀ ਧੁੰਦ
ਭਾਰਤੀ ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਤੱਕ ਰਾਸ਼ਟਰੀ ਰਾਜਧਾਨੀ ਦਿੱਲੀ ਤੇ ਗੁਆਂਢੀ ਸੂਬੇ ਹਰਿਆਣੇ ’ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਘੱਟੋ ਘੱਟ ਤਾਪਮਾਨ ਸੱਤ ਤੋਂ ਅੱਠ ਡਿਗਰੀ ਸੈਲਸੀਅਸ ਵਿਚਾਲੇ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਦਿੱਲੀ ’ਚ ਵੀਰਵਾਰ ਨੂੰ ਤਾਪਮਾਨ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਦੌਰਾਨ ਘੱਟ ਦਿਸਣ ਹੱਦ ਹੋਣ ਕਾਰਨ ਵੱਖ-ਵੱਖ ਥਾਵਾਂ ਤੋਂ ਦਿੱਲੀ ਪੁੱਜਣ ਵਾਲੀਆਂ 22 ਰੇਲ ਗੱਡੀਆਂ ਪੱਛੜ ਕੇ ਪੁੱਜੀਆਂ।
ਕਸ਼ਮੀਰ ’ਚ ਸੀਤ ਲਹਿਰ
ਸ੍ਰੀਨਗਰ : ਇਸੇ ਦੌਰਾਨ ਜੰਮੂ-ਕਸ਼ਮੀਰ ਨੂੰ ਸੀਤ ਲਹਿਰ ਨੇ ਕਾਂਬਾ ਛੇੜਿਆ ਹੋਇਆ ਹੈ। ਵਾਦੀ ’ਚ ਬਹੁਤੀ ਥਾਈਂ ਤਾਪਮਾਨ ਮਨਫ਼ੀ ਤਿੰਨ ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਜਾ ਰਿਹਾ ਹੈ। ਸੂਬੇ ’ਚ ਚਾਲੀ ਦਿਨ ਚੱਲਣ ਵਾਲਾ ਅਤਿਅੰਤ ਸਰਦੀ ਵਾਲੇ ਦੌਰ ‘ਚਿੱਲੇ ਕਲਾਂ’ ਨੇ ਆਪਣੀ ਪਕੜ ਬਣਾਈ ਹੋਈ ਹੈ ਤੇ ਲੋਕਾਂ ਨੂੰ ਹੱਡ ਚੀਰਵੀਂ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੱਲ ਝੀਲ ਸਮੇਤ ਸੂਬੇ ਤੇ ਕਈ ਪਾਣੀ ਦੇ ਸਰੋਤ ਜੰਮੇ ਪਏ ਹਨ। ਇਹੀ ਨਹੀਂ ਜਲ ਸਪਲਾਈ ਵਾਲੀਆਂ ਪਾਈਪਾਂ ’ਚ ਵੀ ਪਾਣੀ ਜੰਮਿਆ ਪਿਆ ਹੈ ਜਿਸ ਕਾਰਨ ਲੋਕ ਪਰੇਸ਼ਾਨ ਹਨ।
Comentários