31/01/2024
ਵਾਤਾਵਰਨ ਸੰਭਾਲ ਨੂੰ ਲੈ ਕੇ ਪੰਜਾਬ ਦੀ ਖੇਡ ਇੰਡਸਟਰੀ ਨੇ ਨਵਾਂ ਉਪਰਾਲਾ ਕੀਤਾ ਹੈ। ਸੂਬੇ ਦੀਆਂ ਕੁਝ ਬੱਲੇ ਬਣਾਉਣ ਵਾਲੀਆਂ ਕੰਪਨੀਆਂ ਨੇ ਲੇਜ਼ਰ ਤਕਨੀਕ ਦੀ ਵਰਤੋਂ ਕਰ ਕੇ ਬੱਲੇ ’ਤੇ ਕੰਪਨੀ ਦਾ ਨਾਂ ਲਿਖਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਬੱਲਾ ਨਿਰਮਾਤਾ ਕੰਪਨੀ ਦੀ ਮੋਹਰ ਨੂੰ ਗਰਮ ਹੋਣ ਤੱਕ ਬੱਲੇ ’ਤੇ ਲਗਾਉਂਦੇ ਸਨ। ਸਮਾਂ ਵੀ ਵੱਧ ਲੱਗਦਾ ਸੀ। ਫਿਲਹਾਲ ਹੁਣ ਖ਼ਰੀਦਦਾਰਾਂ ਦੀ ਮੰਗ ਅਨੁਸਾਰ ਇੰਡਸਟਰੀ ਨੇ ਨਵੀਂ ਸੋਚ ’ਤੇ ਖੋਜ ਕਰਦੇ ਹੋਏ ਗੇ੍ਰਵਿੰਗ ਮਸ਼ੀਨ ਲਗਾ ਲਈ ਹੈ। ਇਹ ਕੰਪਿਊਟਰਾਈਜ਼ਡ ਮਸ਼ੀਨ ਹੈ। ਮਸ਼ੀਨ ’ਤੇ ਬੱਲਾ ਕੰਪਨੀ ਦਾ ਡਿਜ਼ਾਈਨ ਤੇ ਨਾਮ ਸੈੱਟ ਕੀਤਾ ਜਾਂਦਾ ਹੈ। ਡਿਜ਼ਾਈਨ ਸੈੱਟ ਹੋਣ ਤੋਂ ਬਾਅਦ ਮਸ਼ੀਨ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਬੱਲੇ ’ਤੇ ਕੰਪਨੀ ਦਾ ਨਾਂ ਲਿਖਣਾ ਸ਼ੁਰੂ ਹੋ ਜਾਂਦਾ ਹੈ।
ਇਕ ਡਿਜ਼ਾਈਨ ਸੈੱਟ ਕਰਨ ਤੇ ਬੱਲੇ ਨੂੰ ਡਿਜ਼ਾਈਨ ਕਰਨ ’ਚ ਦਸ ਤੋਂ ਪੰਦਰਾਂ ਮਿੰਟ ਲੱਗਦੇ ਹਨ। ਪੰਜਾਬ ਖੇਡ ਉਦਯੋਗ ਨੇ ਪਹਿਲੀ ਵਾਰ ਨਵੀਂ ਤਕਨੀਕ ਅਪਣਾਈ ਹੈ। ਇਸ ਤੋਂ ਪਹਿਲਾ ਮੇਰਠ ’ਚ ਬੱਲਾ ਨਿਰਮਾਤਾ ਕੰਪਨੀਆਂ ਇਹ ਤਕਨੀਕ ਅਪਣਾ ਰਹੀਆ ਸਨ। ਉੱਥੇ ਖ਼ਰੀਦਦਾਰ ਵੀ ਲੇਜ਼ਰ ਦੇ ਕੰਮ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ। ਬੱਲਾ ਨਿਰਮਾਤਾ ਕੰਪਨੀਆਂ ਦਾ ਕਹਿਣਾ ਹੈ ਕਿ ਲੇਜ਼ਰ ਦਾ ਕੰਮ ਕਰਵਾਉਣ ਲਈ ਆਰਡਰ ਵੀ ਮਿਲ ਰਹੇ ਹਨ। ਕੋਈ ਕਾਰੋਬਾਰੀ ਤਿੰਨ ਸੌ ਬੱਲੇ ਦਾ ਆਰਡਰ ਦਿੰਦਾ ਹੈ ਤਾਂ ਲੇਜ਼ਰ ਜ਼ਰੀਏ ਕੰਪਨੀ ਦਾ ਨਾਮ ਲਿਖਣ ਦਾ ਆਰਡਰ ਦਿੰਦਾ ਹੈ। ਕਈ ਵਾਰ ਬੱਲੇ ਤੋਂ ਸਟਿੱਕਰ ਉਤਰ ਜਾਣ ਦੀ ਸ਼ਿਕਾਇਤ ਵੀ ਆਉਂਦੀ ਸੀ। ਇਸ ਸਮੱਸਿਆ ਨੂੰ ਦੇਖਦੇ ਹੋਏ ਇੰਡਸਟਰੀ ’ਚ ਮਸ਼ੀਨਾਂ ਲਗਾਈਆਂ ਗਈਆਂ ਹਨ। ਪੰਜਾਬ ’ਚ ਸਿਰਫ਼ ਦੋ ਤੋਂ ਚਾਰ ਸਨਅਤਾਂ ਨੇ ਮਸ਼ੀਨਾਂ ਲਾਈਆਂ ਹਨ। ਕਈ ਛੋਟੇ ਬੱਲਾ ਯੂਨਿਟ ਲੇਜ਼ਰ ਦਾ ਕੰਮ ਦੂਸਰੀ ਇੰਡਸਟਰੀ ਤੋਂ ਕਰਵਾਉਂਦੇ ਹਨ। ਇਕ ਬੱਲਾ ਤਿਆਰ ਕਰਨ ’ਚ ਪ੍ਰਤੀ ਪੀਸ 500 ਤੋਂ 600 ਰੁਪਏ ਦਾ ਖ਼ਰਚਾ ਆਉਂਦਾ ਹੈ। ਬਲਕਿ ਸਟਿੱਕਰ ਦੀ ਕੀਮਤ ਤਿੰਨ ਸੌ ਰੁਪਏ ਦੇ ਕਰੀਬ ਹੈ। ਸੂਬੇ ’ਚ ਕੁੱਲ 90 ਬੱਲਾ ਨਿਰਮਾਤਾ ਹਨ। ਹਰ ਸਾਲ 200 ਕਰੋੜ ਰੁਪਏ ਦਾ ਕਾਰੋਬਾਰ ਕਰਦੇ ਹਨ।
ਫਾਈਬਰ ਕੰਪਨੀ ਦੇ ਐੱਮਡੀ ਕੁਨਾਲ ਸ਼ਰਮਾ ਨੇ ਕਿਹਾ ਕਿ ਬੱਲੇ ’ਤੇ ਲੇਜ਼ਰ ਦੇ ਜ਼ਰੀਏ ਕੰਪਨੀ ਦਾ ਨਾਂ ਲਿਖਿਆ ਜਾ ਰਿਹਾ ਹੈ। ਕਈ ਖ਼ਰੀਦਦਾਰ ਬੱਲਿਆਂ ਦਾ ਆਰਡਰ ਦੇਣ ਤੋਂ ਪਹਿਲਾਂ ਲੇਜ਼ਰ ਨਾਲ ਕੰਪਨੀ ਦਾ ਨਾਮ ਲਿਖਣ ਲਈ ਕਹਿੰਦੇ ਹਨ। ਪਹਿਲਾਂ ਬੱਲਾ ਨਿਰਮਾਤਾ ਮੋਹਰ ਗਰਮ ਕਰਦਾ ਸੀ। ਗਰਮ ਹੋਣ ਤੋਂ ਬਾਅਦ ਬੱਲੇ ਦੀ ਸਾਈਡ ’ਤੇ ਹਥੌੜੇ ਨਾਲ ਮੋਹਰ ਲਾਈ ਜਾਂਦੀ ਸੀ। ਇਸ ਪ੍ਰਕਿਰਿਆ ਨੂੰ ਅੱਧੇ ਤੋਂ ਪੌਣੇ ਘੰਟੇ ਦਾ ਸਮਾਂ ਲੱਗਦਾ ਸੀ। ਇਸ ਮਸ਼ੀਨ ’ਤੇ ਹੁਣ ਸੱਤ ਤੋਂ ਪੰਦਰਾਂ ਮਿੰਟ ਦਾ ਸਮਾਂ ਲੱਗਦਾ ਹੈ। ਇਸ ਨਾਲ ਸਮਾਂ ਬਚਦਾ ਹੈ। ਲੇਜ਼ਰ ਤਕਨੀਕ ਵਾਲੇ ਬੱਲਿਆ ਦੇ ਖ਼ਰੀਦਦਾਰਾਂ ਤੋਂ ਆਰਡਰ ਮਿਲ ਰਹੇ ਹਨ।
ਐਂਥਮ ਸਪੋਰਟਸ ਦੇ ਡਾਇਰੈਕਟਰ ਨੀਰਜ ਵਧਵਾ ਨੇ ਕਿਹਾ ਕਿ ਲੇਜ਼ਰ ਤਕਨੀਕ ਕੰਪਨੀ ਦੇ ਨਾਮ ਵਾਲੇ ਬੱਲੇ ਖ਼ਰੀਦਦਾਰਾਂ ਦੀ ਮੰਗ ਅਨੁਸਾਰ ਤਿਆਰ ਕੀਤੇ ਜਾਂਦੇ ਹਨ। ਮਸ਼ੀਨ ਦੀ ਕੀਮਤ ਤਿੰਨ ਤੋਂ ਚਾਰ ਲੱਖ ਰੁਪਏ ਦੇ ਕਰੀਬ ਹੈ। ਕਈ ਵਾਰ ਬੱਲੇ ਦਾ ਆਰਡਰ ਦਿੰਦੇ ਸਮੇਂ ਵਪਾਰੀ ਆਪਣੀ ਕੰਪਨੀ ਦਾ ਨਾਮ ਉਸ ’ਤੇ ਲਿਖਵਾਉਣ ਲਈ ਕਹਿੰਦੇ ਹਨ। ਇਸ ਮਸ਼ੀਨ ਨਾਲ ਸਮੇਂ ਦੀ ਬੱਚਤ ਹੋਈ ਹੈ। ਵਾਤਾਵਰਨ ਦੀ ਸੁਰੱਖਿਆ ਲਈ ਤਕਨਾਲੋਜੀ ਲਾਹੇਵੰਦ ਹੈ। ਪਲਾਸਟਿਕ ਦਾ ਸਟਿੱਕਰ ਖ਼ਰੀਦਦਾਰਾਂ ਦੇ ਕਹਿਣ ’ਤੇ ਲਗਾਇਆ ਜਾਂਦਾ ਹੈ। ਆਉਣ ਵਾਲੇ ਸਮੇਂ ’ਚ ਜ਼ਿਆਦਾਤਰ ਉਦਯੋਗ ਸਟਿੱਕਰ ਲਗਾਉਣ ਦੀ ਬਜਾਏ ਲੇਜ਼ਰ ਨਾਲ ਕੰਮ ਹੋਵੇਗਾ।
Comments