03/01/2024
ਪਾਕਿਸਤਾਨੀ ਸਰਹੱਦ ਨਾਲ ਲਗਦੀ ਫਿਰੋਜ਼ਪੁਰ ਕੇਂਦਰੀ ਜੇਲ੍ਹ ਤੋਂ ਚਾਰ ਸਾਲਾਂ 'ਚ ਦੋ ਵੱਖ-ਵੱਖ ਮਿਆਦਾਂ 'ਚ ਮੋਬਾਈਲ ਤੋਂ 43 ਹਜ਼ਾਰ ਕਾਲਾਂ ਕਰਨ ਦੇ ਮਾਮਲੇ 'ਚ ਨਵੀਂ ਗਠਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਨੇ ਸੱਤ ਮੌਜੂਦਾ ਤੇ ਚਾਰ ਸੇਵਾਮੁਕਤ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਐੱਸਆਈਟੀ ਨੇ ਜਾਂਚ ਵਿਚ ਪਾਇਆ ਕਿ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਕੰਪਲੈਕਸ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ ਕਰਨ ਵਿਚ ਕੈਦੀਆਂ ਦੀ ਮਦਦ ਕੀਤੀ। ਕੈਦੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਏ ਪਰ ਕੋਈ ਕਾਰਵਾਈ ਨਹੀਂ ਕੀਤੀ। ਮੁਲਜ਼ਮਾਂ ਨੇ ਕੈਦੀਆਂ ਨੂੰ ਨਸ਼ਾ, ਹੈਰੋਇਨ ਤੇ ਅਫੀਮ ਦੀ ਸਪਲਾਈ ਅਤੇ ਖਪਤ 'ਚ ਵੀ ਮਦਦ ਕੀਤੀ। ਜੇਲ੍ਹ ਅੰਦਰੋਂ ਕੀਤੀ ਗਈ 2 ਕਰੋੜ ਦੀ ਨਸ਼ਾ ਵਿਕਰੀ ਦੀ ਆਮਦਨ ਦਾ ਭੁਗਤਾਨ ਯੂਪੀਆਈ ਜ਼ਰੀਏ ਮਾਮਲੇ 'ਚ ਮੁਲਜ਼ਮ ਨੀਰੂ ਅਤੇ ਗੀਤਾਂਜਲੀ ਦੇ ਖਾਤਿਆਂ 'ਚ ਕੀਤਾ ਗਿਆ ਸੀ।
ਪੰਜਾਬ ਦੇ ਕਾਊਂਟਰ ਇੰਟੈਲੀਜੈਂਸ ਏਆਈਜੀ ਜੇ ਏਲਾਨਚੇਝੀਅਨ ਦੀ ਅਗਵਾਈ 'ਚ ਮਾਮਲੇ ਦੀ ਅਗਲੇਰੀ ਜਾਂਚ ਲਈ ਫਿਰੋਜ਼ਪੁਰ 'ਚ ਡੇਰਾ ਲਾ ਰਹੀ ਹੈ।
ਸਪੈਸ਼ਲ ਡੀਜੀਪੀ ਅੰਦਰੂਨੀ ਸੁਰੱਖਿਆ ਆਰਐੱਨ ਢੋਕੇ ਨੇ ਕਿਹਾ ਕਿ ਮਾਮਲੇ 'ਚ ਤੇਜ਼ੀ ਨਾਲ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕੋਈ ਵੀ ਹੋਵੇ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਲ੍ਹ ਵਿਭਾਗ ਦੇ ਉਕਤ ਅਧਿਕਾਰੀਆਂ ਨੇ ਲੰਬਾ ਸਮਾਂ ਇੱਕੋ ਜੇਲ੍ਹ 'ਚ ਗੁਜ਼ਾਰਿਆ ਹੈ।
Comments