google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੰਜਾਬ ’ਚ ਸੰਘਣੀ ਧੁੰਦ ਨੂੰ ਲੈ ਕੇ ਅੱਜ ਲਈ ਰੈੱਡ ਅਲਰਟ, ਹਵਾ ’ਚ ਨਮੀ ਵਧਣ ਨਾਲ ਮੀਂਹ ਵਾਂਗ ਡਿੱਗ ਰਹੀ ਤਰੇਲ

28/12/2023

ਸੂਬੇ ’ਚ ਸਵੇਰ ਤੋਂ ਹੀ ਠੰਢ ਵਿਚਾਲੇ ਸੰਘਣੀ ਧੁੰਦ ਰਹੀ। ਦਿਨ ਦੌਰਾਨ ਹਲਕੀ ਧੁੱਪ ਨਿਕਲੀ ਤੇ ਸ਼ਾਮ ਢਲਦੇ ਹੀ ਮੁੜ ਕਈ ਜ਼ਿਲ੍ਹੇ ਧੁੰਦ ਦੀ ਲਪੇਟ ’ਚ ਆ ਗਏ। ਕਈ ਥਾਵਾਂ ’ਤੇ ਵਿਜ਼ੀਬਿਲਿਟੀ ਜ਼ੀਰੋ ਰਹੀ। ਧੁੰਧ ਕਾਰਨ ਹਵਾਈ, ਰੇਲ ਤੇ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਮੌਸਮ ਵਿਭਾਗ ਚੰਡੀਗੜ੍ਹ ਨੇ ਵੀਰਵਾਰ ਨੂੰ ਵੀ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਧੁੰਦ ਦੌਰਾਨ ਹਵਾ ’ਚ ਨਮੀ ਸੌ ਫ਼ੀਸਦੀ ਤੱਕ ਪੁੱਜਣ ਕਾਰਨ ਧੁੰਦ ਵਿਚਾਲੇ ਤਰੇਲ ਮੀਂਹ ਵਾਂਗ ਡਿੱਗ ਰਹੀ ਸੀ। ਕਈ ਥਾਵਾਂ ’ਤੇ ਤਰੇਲ ਜੰਮ ਵੀ ਗਈ। ਦੂਜੇ ਪਾਸੇ ਪੱਛਮੀ ਗੜਬੜੀ ਕਾਰਨ ਕਈ ਜ਼ਿਲ੍ਹਿਆਂ ’ਚ ਜਿੱਥੇ ਰਾਤ ਦਾ ਤਾਪਮਾਨ ਆਮ ਤੋਂ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਵੱਧ ਰਿਹਾ, ਉਥੇ ਦਿਨ ਦਾ ਤਾਪਮਾਨ ਆਮ ਤੋਂ ਕਾਫ਼ੀ ਹੇਠਾਂ ਡਿੱਗ ਗਿਆ। ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ’ਚ ਤਾਂ ਦਿਨ ਦਾ ਤਾਪਮਾਨ ਡਿੱਗ ਕੇ 14 ਡਿਗਰੀ ਸੈਲਸੀਅਸ ਤੱਕ ਆ ਗਿਆ ਹੈ। ਅੰਮ੍ਰਿਤਸਰ ’ਚ ਵੱਧ ਤੋਂ ਵੱਧ ਤਾਪਮਾਨ 14.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਤੋਂ ਚਾਰ ਡਿਗਰੀ ਸੈਲਸੀਅਸ ਘੱਟ ਸੀ। ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ ਸਭ ਤੋਂ ਘੱਟ 5.2 ਡਿਗਰੀ ਸੈਲਸੀਅਸ ਰਿਹਾ।


ਫਲਾਈਟਾਂ ਤੇ ਰੇਲ ਗੱਡੀਆਂ ’ਚ ਹੋਈ ਦੇਰੀ

ਵਿਜ਼ੀਬਿਲਿਟੀ ਜ਼ੀਰੋ ਹੋਣ ਕਾਰਨ ਫਲਾਈਟਾਂ ’ਚ ਵੀ ਦੇਰੀ ਹੋਈ। ਅੰਮ੍ਰਿਤਸਰ ਏਅਰਪੋਰਟ ਤੋਂ ਜਾਣ ਵਾਲੀਆਂ ਜ਼ਿਆਦਾਤਰ ਫਲਾਈਟਾਂ ਰੀ-ਸ਼ਡਿਊਲ ਕਰ ਕੇ ਆਪਣੇ ਤੈਅ ਸਮੇਂ ਤੋਂ ਕਾਫੀ ਦੇਰੀ ਨਾਲ ਰਵਾਨਾ ਕੀਤੀਆਂ ਗਈਆਂ। ਧੁੰਦ ਕਾਰਨ ਸਵੇਰੇ 4.10 ਵਜੇ ਦੋਹਾ ਜਾਣ ਵਾਲੀ ਕਤਰ ਏਅਰਵੇਜ਼ ਦੀ ਫਲਾਈਟ ਨੇ ਸਵੇਰੇ 10.19 ’ਤੇ ਉਡਾਣ ਭਰੀ। ਸਵੇਰੇ 6.05 ’ਤੇ ਦਿੱਲੀ ਦੀ ਫਲਾਈਟ 12.13 ’ਤੇ ਰਵਾਨਾ ਕੀਤੀ ਗਈ। ਰੇਲ ਗੱਡੀਆਂ ਦੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਤੇ ਕਈ ਰੇਲ ਗੱਡੀਆਂ ਕਈ ਘੰਟੇ ਦੇਰੀ ਨਾਲ ਚੱਲੀਆਂ।

Comments


Logo-LudhianaPlusColorChange_edited.png
bottom of page