google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੰਜਾਬ ’ਚ ਕੜਾਕੇ ਦੀ ਠੰਢ ਜਾਰੀ, ਨਵਾਂਸ਼ਹਿਰ 8.9 ਡਿਗਰੀ ਨਾਲ ਰਿਹਾ ਸਭ ਤੋਂ ਠੰਢਾ, ਅੱਜ ਹੋ ਸਕਦੀ ਹੈ ਬਾਰਿਸ਼

08/01/2024

ਪੰਜਾਬ ’ਚ ਕੜਾਕੇ ਦੀ ਠੰਢ ਜਾਰੀ ਹੈ। ਪਿਛਲੇ ਇਕ ਹਫ਼ਤੇ ਤੋਂ ਜ਼ਿਆਦਾਤਰ ਜ਼ਿਲ੍ਹਿਆਂ ’ਚ ਧੁੱਪ ਨਹੀਂ ਨਿਕਲੀ। ਸੰਘਣੀ ਧੁੰਦ, ਸੀਤ ਲਹਿਰ ਤੇ ਧੁੱਪ ਗ਼ਾਇਬ ਹੋਣ ਨਾਲ ਨਵਾਂਸ਼ਹਿਰ, ਪਠਾਨਕੋਟ ਤੇ ਲੁਧਿਆਣਾ ਅਤਿਅੰਤ ਸੀਤ ਦਿਨ ਦੀ ਸਥਿਤੀ ਬਣੀ ਹੋਈ ਹੈ ਜਦਕਿ ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਫ਼ਰੀਦਕੋਟ ਤੇ ਗੁਰਦਾਸਪੁਰ ’ਚ ‘ਕੋਲਡ ਡੇ’ ਦੀ ਸਥਿਤੀ ਚੱਲ ਰਹੀ ਹੈ। ਐਤਵਾਰ ਨੂੰ ਨਵਾਂਸ਼ਹਿਰ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ ਜਿੱਥੇ ਦਿਨ ਦਾ ਤਾਪਮਾਨ 8.9 ਡਿਗਰੀ ਸੈਲਸੀਅਸ ਤੇ ਰਾਤ ਦਾ ਤਾਪਮਾਨ 5.7 ਡਿਗਰੀ ਸੈਲਸੀਅਸ ਰਿਹਾ। ਦਿਨ ਦਾ ਤਾਪਮਾਨ ਆਮ ਨਾਲੋਂ 11 ਡਿਗਰੀ ਘੱਟ ਰਿਹਾ ਜਦਕਿ ਰਾਤ ਦਾ ਤਾਪਮਾਨ ਆਮ ਨਾਲੋਂ 1.5 ਡਿਗਰੀ ਵੱਧ ਰਿਹਾ। ਨਵਾਂ ਸ਼ਹਿਰ ’ਚ ਪਿਛਲੇ 28 ਸਾਲਾਂ ’ਚ ਪਹਿਲੀ ਵਾਰ ਸੱਤ ਜਨਵਰੀ ਨੂੰ ਦਿਨ ਦਾ ਤਾਪਮਾਨ ਏਨਾ ਹੇਠਾਂ ਤੱਕ ਆਇਆ ਹੈ।

ਉਧਰ ਲੁਧਿਆਣੇ ’ਚ ਦਿਨ ਦਾ ਤਾਪਮਾਨ 9.6 ਡਿਗਰੀ ਸੈਲਸੀਅਸ ਤੇ ਰਾਤ ਦਾ ਤਾਪਮਾਨ 7.6 ਡਿਗਰੀ ਦਰਜ ਕੀਤਾ ਗਿਆ। ਇੱਥੇ ਦਿਨ ਦਾ ਤਾਪਮਾਨ ਆਮ ਨਾਲੋਂ ਅੱਠ ਡਿਗਰੀ ਸੈਲਸੀਅਸ ਘੱਟ ਤੇ ਰਾਤ ਦਾ ਪਾਰਾ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ। ਸਾਲ 2003 ਤੋਂ ਬਾਅਦ ਦੂਜੀ ਵਾਰ ਲੁਧਿਆਣੇ ’ਚ ਸੱਤ ਜਨਵਰੀ ਨੂੰ ਦਸ ਡਿਗਰੀ ਤੋਂ ਵੱਧ ਤਾਪਮਾਨ ਹੇਠਾਂ ਪੁੱਜਾ ਹੈ। ਸਾਲ 2013 ’ਚ ਦਿਨ ਦਾ ਤਾਪਮਾਨ 7.8 ਡਿਗਰੀ ਤੱਕ ਪੁੱਜਾ ਸੀ। ਉਧਰ ਅੰਮ੍ਰਿਤਸਰ ’ਚ ਰਾਤ ਦਾ ਤਾਪਮਾਨ 5.8 ਡਿਗਰੀ, ਪਟਿਆਲੇ ’ਚ 7.0 ਤੇ ਗੁਰਦਾਸਪੁਰ ’ਚ ਰਾਤ ਦਾ ਤਾਪਮਾਨ 6.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡੇ ’ਚ ਦਿਨ ਦਾ ਤਾਪਮਾਨ 10.8 ਤੇ ਰਾਤ ਦਾ 7.0 ਡਿਗਰੀ ਸੈਲਸੀਅਸ ਰਿਹਾ। ਇੱਥੇ ਦਿਨ ਦਾ ਤਾਪਮਾਨ ਆਮ ਨਾਲੋਂ 10.4 ਡਿਗਰੀ ਘੱਟ ਰਿਹਾ ਜਦਕਿ ਰਾਤ ਦਾ ਤਾਪਮਾਨ ਆਮ 2.6 ਡਿਗਰੀ ਵੱਧ ਰਿਹਾ। ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਬਠਿੰਡੇ ’ਚ ਦਿਨ ਦਾ ਤਾਪਮਾਨ ਆਮ ਨਾਲੋਂ 10 ਡਿਗਰੀ ਸੈਲਸੀਅਸ ਘੱਟ ਚੱਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ 1996 ’ਚ ਤੋਂ ਪਿੱਛੋਂ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ।


ਅੱਜ ਹੋ ਸਕਦੀ ਹੈ ਬਾਰਿਸ਼

ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਸੋਮਵਾਰ ਨੂੰ ਹੁਸ਼ਿਆਰਪੁਰ, ਪਠਾਨਕੋਟ, ਰੋਪੜ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਤੇ ਚੰਡੀਗੜ੍ਹ ’ਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਬਾਰਿਸ਼ ਨਾਲ ਦਿਨ ਦੇ ਤਾਪਮਾਨ ’ਚ ਦੋ ਡਿਗਰੀ ਤੱਕ ਦੀ ਗਿਰਾਵਟ ਆ ਸਕਦੀ ਹੈ।

ਇਸ ਨਾਲ ਠੰਢ ਕਾਫ਼ੀ ਵੱਧ ਜਾਵੇਗੀ। ਠੰਢ ਦੇ ਨਾਲ-ਨਾਲ ਬਾਰਿਸ਼ ਨਾਲ ਅਗਲੇ ਦਿਨ ਧੁੰਦ ਵਧਣ ਦੀ ਵੀ ਸੰਭਾਵਨਾ ਹੈ।


ਸੜਕੀ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ

ਠੰਢ ਤੇ ਧੁੰਦ ਕਾਰਨ ਸੜਕੀ, ਹਵਾਈ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਆਉਣ-ਜਾਣ ਵਾਲੀਆਂ ਉਡਾਣਾਂ ਪੱਛੜ ਰਹੀਆਂ ਹਨ। ਇਸ ਤੋਂ ਇਲਾਵਾ ਰੇਲ ਗੱਡੀਆਂ ਵੀ ਕਾਫ਼ੀ ਪੱਛੜ ਕੇ ਚੱਲ ਰਹੀਆਂ ਹਨ। ਸੜਕੀ ਆਵਾਜਾਈ ਵੀ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੋ ਰਹੀ ਹੈ।

Comments


Logo-LudhianaPlusColorChange_edited.png
bottom of page