23/12/2023
ਕੇਰਲ, ਗੋਆ ਤੇ ਹੋਰਨਾਂ ਸੂਬਿਆਂ ਤੋਂ ਬਾਅਦ ਕੋਰੋਨਾ ਨੇ ਪੰਜਾਬ ’ਚ ਵੀ ਮੁੜ ਦਸਤਕ ਦੇ ਦਿੱਤੀ ਹੈ। ਛੇ ਮਹੀਨੇ ਬਾਅਦ ਜਲੰਧਰ ’ਚ ਕੋਰੋਨਾ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਉਧਰ ਅੱਠ ਮਹੀਨੇ ਬਾਅਦ ਜਲੰਧਰ ’ਚ ਕੋਰੋਨਾ ਨਾਲ ਇਕ ਮਰੀਜ਼ ਦੀ ਮੌਤ ਹੋਈ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਦੀ ਰਹਿਣ ਵਾਲੀ 60 ਸਾਲਾ ਔਰਤ ਨੂੰ ਸਾਹ ਲੈਣ ’ਚ ਮੁਸ਼ਕਿਲ ਤੇ ਬੁਖ਼ਾਰ ਹੋਣ ਪਿੱਛੋਂ ਪਰਿਵਾਰ ਨੇ ਉਸ ਨੂੰ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ। ਉਸ ਦੀ ਜਾਂਚ ਪਿੱਛੋਂ ਉਸ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਔਰਤ ਦਾ ਰੈਪਿਡ ਟੈਸਟ ਕੀਤਾ ਗਿਆ ਸੀ। ਇਲਾਜ ਦੌਰਾਨ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ। ਸਿਹਤ ਵਿਭਾਗ ਦੀਆਂ ਨੀਤੀਆਂ ਦੀ ਪਾਲਣਾ ਕਰਦਿਆਂ ਬਜ਼ੁਰਗ ਔਰਤ ਦੀ ਲਾਸ਼ ਪੈਕ ਕਰਕੇ ਟੀਮ ਦੇ ਮੈਂਬਰਾਂ ਨੇ ਪਰਿਵਾਰ ਵਾਲਿਆਂ ਦੀ ਮੌਜੂਦਗੀ ’ਚ ਹੁਸ਼ਿਆਰਪੁਰ ’ਚ ਉਸ ਦੇ ਪਿੰਡ ਉਸ ਦਾ ਸਸਕਾਰ ਕਰਵਾਇਆ।
ਦੂਜੇ ਪਾਸੇ ਜ਼ਿਲ੍ਹੇ ਦੇ ਜੰਡਿਆਲਾ ਕਸਬੇ ’ਚ 46 ਸਾਲ ਦੇ ਇਕ ਵਿਅਕਤੀ ਨੂੰ ਨਜ਼ਲਾ, ਜ਼ੁਕਾਮ , ਸਾਹ ਲੈਣ ’ਚ ਮੁਸ਼ਕਿਲ, ਖਾਂਸੀ ਤੇ ਬੁਖ਼ਾਰ ਦੀ ਸ਼ਿਕਾਇਤ ’ਤੇ ਨਿੱਜੀ ਡਾਕਟਰ ਤੋਂ ਜਾਂਚ ਕਰਵਾਉਣ ਪਿੱਛੋਂ ਮੁੱਢਲਾ ਸਿਹਤ ਕੇਂਦਰ ਜੰਡਿਆਲਾ ’ਚ ਸਰਕਾਰੀ ਸਿਹਤ ਕੇਂਦਰ ’ਚ ਸੰਪਰਕ ਕਰਨ ਪਿੱਛੋਂ ਜਾਂਚ-ਪੜਤਾਲ ਕੀਤੀ ਗਈ। ਉਸ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਤੇ ੁਉਸ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਮਰੀਜ਼ ਨੂੰ ਘਰ ’ਚ ਆਈਸੋਲੇਟ ਕਰ ਦਿੱਤਾ ਗਿਆ ਹੈ। ਉਧਰ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਨਾਲ ਟਾਕਰੇ ਲਈ ਉਸ ਨੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਤੇ ਘਬਰਾਉਣ ਦੀ ਕੋਈ ਲੋੜ ਨਹੀਂ।
Comments