12/01/2024
ਪੰਜਾਬ ਕਾਂਗਰਸ ’ਚ ਇਕ ਵਾਰ ਮੁੜ ਧੜੇਬੰਦੀ ਉਜਾਗਰ ਹੋ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਆਹਮੋ-ਸਾਹਮਣੇ ਹੋ ਗਏ ਹਨ। ਸਿੱਧੂ ਨੇ ਵੜਿੰਗ ਦਾ ਨਾਮ ਲਏ ਬਗ਼ੈਰ ਵੀਰਵਾਰ ਨੂੰ ਐਕਸ ’ਤੇ ਜਨਤਕ ਕੀਤੀ ਵੀਡੀਓ ’ਚ ਕਿਹਾ ਕਿ ‘ਕੌਡੀ-ਕੌਡੀ ’ਤੇ ਵਿਕੇ ਹੋਏ ਲੋਕ, ਸਮਝੌਤਾ ਕਰ ਕੇ ਗੋਡੇ ਟੇਕਣ ਵਾਲੇ ਲੋਕ ਅਤੇ ਗਮਲੇ ’ਚ ਉੱਗੇ ਹੋਏ ਬਰਗਦ ਦੀ ਗੱਲ ਕਰਦੇ ਹਨ।’ ਸਿੱਧੂ ਨੇ ਇਹ ਵੀਡਿਓ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਨਾਲ ਵੀਰਵਾਰ ਸਵੇਰੇ ਮੁਲਾਕਾਤ ਕਰਨ ਤੋਂ ਕੁੱਝ ਸਮਾਂ ਪਹਿਲਾਂ ਜਨਤਕ ਕੀਤੀ। ਇਸ ਤੋਂ ਪਹਿਲਾਂ ਵੜਿੰਗ ਨੇ ਸਿੱਧੂ ਦਾ ਨਾਮ ਲਏ ਬਗ਼ੈਰ ਕਿਹਾ ਸੀ ਕਿ ‘ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ, ਜਿਸ ਨੂੰ ਆਪਾਂ ਕਮਜ਼ੋਰ ਸਮਝਦੇ ਹਾਂ ਉਹ ਜਦੋਂ ਟੀਕਾ ਲਾਉਂਦਾ ਹੈ ਤਾਂ ਬੰਦਾ ਲੱਭਿਆਂ ਨਹੀਂ ਲੱਭਦਾ।’
ਇੱਥੇ ਦੱਸਿਆ ਜਾਂਦਾ ਹੈ ਕਿ ਕੁੱਝ ਮਹੀਨੇ ਪਹਿਲਾਂ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਬੱਸਾਂ ਦੀਆਂ ਬਾਡੀਆਂ ’ਚ ਹੋਏ ਘਪਲੇ ’ਚ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਰਾਤਾਂ ਨੂੰ ਲੁਕ ਕੇ ਮੁੱਖ ਮੰਤਰੀ ਨਾਲ ਮੁਲਾਕਾਤਾਂ ਕਰਨ ਵਾਲੇ ਕਿਹੜੇ ਮੂੰਹ ਨਾਲ ਗੱਲ ਕਰਨਗੇ। ਹਾਲਾਂਕਿ ਮਜੀਠੀਆ ਨੇ ਕਿਸੇ ਦਾ ਨਾਮ ਨਹੀਂ ਲਿਆ ਸੀ, ਪਰ ਮੀਡੀਆ ਅਤੇ ਸਿਆਸੀ ਹਲਕਿਆਂ ਵਿਚ ਇਸ ਨੂੰ ਰਾਜਾ ਵੜਿੰਗ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹੁਣ ਨਵਜੋਤ ਸਿੱਧੂ ਨੇ ਰਾਜਾ ਵੜਿੰਗ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਿੱਧੂ ਨਾ ਸਿਰਫ਼ ਸੂਬੇ ਵਿਚ ਆਪਣੀਆਂ ਰੈਲੀਆਂ ਕਰ ਰਹੇ ਹਨ, ਉੱਥੇ ਉਹ ਵੜਿੰਗ ਦਾ ਨਾਮ ਲਏ ਬਗ਼ੈਰ ਸਖ਼ਤ ਭਾਸ਼ਾ ਦੀ ਵਰਤੋਂ ਕਰ ਰਹੇ ਹਨ। ਦੋਵਾਂ ਆਗੂਆਂ ਵਿਚ ਸ਼ਬਦੀ ਜੰਗ ਉਦੋਂ ਸ਼ੁਰੂ ਹੋ ਗਈ ਹੈ, ਜਦੋਂ ਲੋਕ ਸਭਾ ਚੋਣਾਂ ਸਿਰ ’ਤੇ ਹਨ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਪੰਜਾਬ ਦੌਰੇ ਦੌਰਾਨ ਆਗੂਆਂ, ਵਰਕਰਾਂ ਦੀ ਨਬਜ਼ ਟੋਹਣ ਦਾ ਯਤਨ ਕਰ ਰਹੇ ਹਨ।
ਦਿਲਚਸਪ ਗੱਲ ਹੈ ਕਿ ਰਾਜਾ ਵੜਿੰਗ ਅਨੁਸ਼ਾਸਨ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਗੱਲ ਕਰ ਰਹੇ ਹਨ, ਪਰ ਦੂਜੇ ਪਾਸੇ ਖਚਾਖਚ ਭਰੀ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਰਾਜਾ ਵੜਿੰਗ ਦੀ ਹਾਜ਼ਰੀ ਵਿਚ ਕਿਹਾ ਕਿ ਨਵਜੋਤ ਸਿੱਧੂ ਨੇ ਰੈਲੀਆਂ ਕਰਨ ਬਾਰੇ ਸੂਚਿਤ ਕੀਤਾ ਸੀ, ਕਿਉਂਕਿ ਉਨ੍ਹਾਂ ਨੇ ਰੈਲੀਆਂ ਪਹਿਲਾਂ ਕੀਤੀਆਂ ਸਨ। ਯਾਦਵ ਨੇ ਕਿਹਾ ਕਿ ਸਿੱਧੂ ਹੁਸ਼ਿਆਰਪੁਰ ਰੈਲੀ ’ਚ ਮੇਰੀ ਇਜ਼ਾਜਤ ਨਾਲ ਗਏ ਸੀ, ਪਰ ਨਾਲ ਹੀ ਯਾਦਵ ਨੇ ਕਿਹਾ ਕਿ ਪਾਰਟੀ ਵਿਚ ਅਨੁਸ਼ਾਸਨ ਬਹੁਤ ਮਹੱਤਵਪੂਰਨ ਹੈ। ਜਿਹੜਾ ਵੀ ਸੰਗਠਨ ਖ਼ਿਲਾਫ਼ ਗੱਲ ਕਰੇਗਾ ਚਾਹੇ ਉਹ ਵਰਕਰ ਹੈ ਜਾਂ ਵੱਡਾ ਨੇਤਾ, ਉਸ ਖ਼ਿਲਾਫ਼ ਕਾਰਵਾਈ ਹੋਵੇਗੀ। ਸਿੱਧੂ ਆਪਣੀਆਂ ਰੈਲੀਆਂ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਅਤੇ ਵਰਕਰਾਂ ਨੂੰ ਪਾਰਟੀ ਨਾਲ ਜੋੜਨ ਦੀ ਤਾਂ ਗੱਲ ਕਰ ਰਿਹਾ ਹੈ ਪਰ ਨਾਲ ਨਾਲ ਹੀ ਉਹ 75-25 ਕਹਿ ਕੇ ਪਾਰਟੀ ਆਗੂਆਂ ਨੂੰ ਸਰਕਾਰ ਨਾਲ ਮਿਲੀਭੁਗਤ ਕਰ ਕੇ ਚੱਲਣ ’ਤੇ ਭੰਡ ਵੀ ਰਹੇ ਹਨ।
ਯਾਦਵ ਨੇ ਕਿਹਾ ਕਿ ਤਿੰਨ ਦਿਨਾਂ ਦੀਆਂ ਮੀਟਿੰਗਾਂ ਦੌਰਾਨ ਨਵਜੋਤ ਸਿੱਧੂ ਅਤੇ ਲੋਕ ਸਭਾ ਚੋਣਾਂ ਵਿਚ ਆਪ ਨਾਲ ਚੋਣ ਸਮਝੌਤਾ ਕਰਨ ਨੂੰ ਲੈ ਕੇ ਵਰਕਰਾਂ ਅਤੇ ਆਗੂਆਂ ਦੇ ਅਲੱਗ-ਅਲੱਗ ਵਿਚਾਰ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਸਮਝੌਤੇ ਦੇ ਵਿਰੋਧ ’ਚ ਹਨ ਤੇ ਕੁੱਝ ਹੱਕ ਵਿਚ ਹਨ। ਯਾਦਵ ਨੇ ਕਿਹਾ ਕਿ ਉਹ ਪੂਰੀ ਫੀਡਬੈਕ ਪਾਰਟੀ ਹਾਈਕਮਾਨ ਨੂੰ ਦੇਣਗੇ।
26 ਨੂੰ ਹਰੇਕ ਵਿਧਾਨ ਸਭਾ ਹਲਕੇ ’ਚ ਲਹਿਰਾਏ ਜਾਣਗੇ 2600 ਝੰਡੇ
ਦੇਵੇਂਦਰ ਯਾਦਵ ਨੇ ਦੱਸਿਆ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ’ਤੇ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਵਿਚ 2600 ਤਿਰੰਗਾਂ ਝੰਡੇ ਲਹਿਰਾਏ ਜਾਣਗੇ। ਉਨ੍ਹਾਂ ਕਿਹਾ ਕਿ ਆਗਾਮੀ ਦਿਨਾਂ ਵਿਚ ਸੂਬੇ ’ਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ। ਇਸੀ ਤਰ੍ਹਾਂ 104 ਵਿਧਾਨ ਸਭਾ ਹਲਕਿਆਂ ਵਿਚ ਪੈਦਲ ਯਾਤਰਾ ਕੱਢੀ ਜਾਵੇਗੀ।
Comments