08/11/2024
ਪਿਛਲੇ ਸਾਲ ਪੰਜਾਬ ਪੁਲਿਸ ’ਚ ਭਰਤੀ ਹੋਏ 1746 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਜਾਰੀ ਨਾ ਕੀਤੇ ਜਾਣ ਤੋਂ ਦੁਖੀ ਬਿਨੈਕਾਰਾਂ ਨੇ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਸਰਕਾਰ ਖ਼ਿਲਾਫ਼ ਧਰਨਾ ਦਿੰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਕਤ ਨੌਜਵਾਨਾਂ ਨੇ ਵੇਰਕਾ ਮਿਲਕ ਪਲਾਂਟ ਤੋਂ ਮੁੱਖ ਮੰਤਰੀ ਨਿਵਾਸ ਤੱਕ ਰੋਸ ਮਾਰਚ ਕੱਢਿਆ ਅਤੇ ਵੱਡੇ ਕਾਫਲੇ 'ਚ ਮੁੱਖ ਮੰਤਰੀ ਨਿਵਾਸ ਤੱਕ ਪਹੁੰਚੇ, ਜਿੱਥੇ ਪੁਲਿਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕ ਲਿਆ, ਜਿਸ ਤੋਂ ਬਾਅਦ ਨੌਜਵਾਨਾਂ ਨੇ ਉਥੇ ਧਰਨਾ ਲਾ ਦਿੱਤਾ।
ਧਰਨੇ ਦੌਰਾਨ ਸੋਹਣਜੀਤ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਪੁਨੀਤ ਕੁਮਾਰ, ਪ੍ਰਮੋਦ ਸ਼ਰਮਾ ਨੇ ਕਿਹਾ ਕਿ ਪਿਛਲੇ ਸਾਲ ਸਰਕਾਰ ਨੇ ਪੰਜਾਬ ਪੁਲਿਸ ਵਿੱਚ ਭਰਤੀ ਲਈ 1746 ਅਸਾਮੀਆਂ ਜਾਰੀ ਕੀਤੀਆਂ ਸਨ। ਪੰਜਾਬ ਭਰ ਤੋਂ ਹਜ਼ਾਰਾਂ ਨੌਜਵਾਨਾਂ ਨੇ ਅਪਲਾਈ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਦੀ ਪ੍ਰੀਖਿਆ ਲਈ ਗਈ ਹੈ। ਮੈਡੀਕਲ ਅਤੇ ਸਟੇਸ਼ਨਾਂ ਦੀ ਅਲਾਟਮੈਂਟ ਵੀ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਅਜੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਪਹਿਲਾਂ ਲੋਕ ਸਭਾ ਚੋਣਾਂ, ਫਿਰ ਪੰਚਾਇਤੀ ਚੋਣਾਂ ਅਤੇ ਹੁਣ ਵਿਧਾਨ ਸਭਾ ਉਪ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤੇ ਦੇ ਬਹਾਨੇ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਇਹ ਭਰਤੀ ਪ੍ਰਕਿਰਿਆ ਪਿਛਲੇ ਸਾਲ ਅਕਤੂਬਰ ਮਹੀਨੇ ਤੱਕ ਮੁਕੰਮਲ ਹੋ ਜਾਣੀ ਸੀ ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਅੱਜ ਉਹ ਬੇਰੁਜ਼ਗਾਰਾਂ ਦੀ ਖੱਜਲ ਖੁਆਰੀ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਉਹ ਪਿਛਲੇ ਦਿਨੀਂ ਵਿਭਾਗੀ ਅਧਿਕਾਰੀਆਂ ਅਤੇ ਸਰਕਾਰੀ ਨੁਮਾਇੰਦਿਆਂ ਨੂੰ ਮਿਲੇ ਸਨ ਤਾਂ ਉਨ੍ਹਾਂ ਨੇ 28 ਅਕਤੂਬਰ ਨੂੰ ਨਿਯੁਕਤੀ ਪੱਤਰ ਦੇਣ ਦਾ ਵਾਅਦਾ ਕੀਤਾ ਸੀ ਪਰ ਫਿਰ ਬਿਨਾਂ ਨੋਟਿਸ ਦਿੱਤੇ ਮਿਤੀ ਬਦਲ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਪੁਲਿਸ ਦੇ 1746 ਜ਼ਿਲ੍ਹਾ ਕਾਡਰ ਦੀ ਜੁਆਇਨਿੰਗ ਜਲਦੀ ਤੋਂ ਜਲਦੀ ਕਰਵਾਈ ਜਾਵੇ, ਭਰਤੀ ਵਿੱਚ ਕਈ ਮਹੀਨਿਆਂ ਤੋਂ ਪੱਛੜ ਰਹੀ ਭਰਤੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਅਤੇ ਪੱਕੀ ਲਿਖਤੀ ਜੁਆਇਨਿੰਗ ਤਰੀਕ ਤੈਅ ਕੀਤੀ ਜਾਵੇ। ਨਾਲ ਹੀ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਨੂੰ ਜਲਦੀ ਹੀ ਨਿਯੁਕਤੀ ਪੱਤਰ ਨਾ ਦਿੱਤੇ ਗਏ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
Comments