25/02/2024
ਕਰੀਬ 10 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਆਖ਼ਰਕਾਰ ਸੰਗਰੂਰ ਤੋਂ ਅੱਠ ਕਿਲੋਮੀਟਰ ਦੂਰ ਸਥਾਪਤ ਪੀਜੀਆਈ ਸੈਟੇਲਾਈਟ ਸੈਂਟਰ 25 ਫਰਵਰੀ ਤੋਂ ਪੂਰੀ ਸਮਰੱਥਾ ਨਾਲ ਸੇਵਾਵਾਂ ਪ੍ਰਦਾਨ ਕਰਨਾ ਸ਼ੁਰੂ ਕਰ ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 300 ਬਿਸਤਰਿਆਂ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਘਾਬਦਾਂ ਦਾ ਐਤਵਾਰ ਨੂੰ ਆਨਲਾਈਨ ਉਦਘਾਟਨ ਕਰਨਗੇ। ਪੀਜੀਆਈ ਸੈਂਟਰ ਖੁੱਲ੍ਹਣ ਨਾਲ ਨਾ ਸਿਰਫ਼ ਸੰਗਰੂਰ ਜਾਂ ਮਾਲਵਾ ਬਲਕਿ ਪੂਰੇ ਪੰਜਾਬ ਤੇ ਆਸ-ਪਾਸ ਦੇ ਰਾਜਾਂ ਨੂੰ ਵੱਡੀ ਰਾਹਤ ਮਿਲੇਗੀ। ਪੀਜੀਆਈ ਦੀ ਮਦਦ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੋਵੇਗਾ। ਬੇਸ਼ੱਕ ਪੀਜੀਆਈ ਵਿਚ ਪਿਛਲੇ ਦੋ ਸਾਲਾਂ ਤੋਂ ਓਪੀਡੀ ਸੇਵਾ ਜਾਰੀ ਹੈ ਪਰ ਇੱਥੇ ਮਰੀਜ਼ਾਂ ਨੂੰ ਦਾਖ਼ਲੇ ਸਮੇਤ ਹੋਰ ਸਾਰੀਆਂ ਸਿਹਤ ਸਹੂਲਤਾਂ ਮਿਲਣਗੀਆਂ। ਟਰੌਮਾ ਸੈਂਟਰ ਦੇ ਖੁੱਲ੍ਹਣ ਨਾਲ ਸੜਕ ਹਾਦਸੇ ਦੇ ਪੀੜਤਾਂ ਨੂੰ ਵੱਡੀ ਰਾਹਤ ਮਿਲੇਗੀ।
449 ਕਰੋੜ ਦੇ ਪ੍ਰਾਜੈਕਟ ਦਾ ਸਾਲ 2013 ’ਚ ਰੱਖਿਆ ਸੀ ਨੀਂਹ ਪੱਥਰ
ਸਾਲ 2013 ਵਿਚ ਤਤਕਾਲੀ ਕਾਂਗਰਸ ਦੀ ਕੇਂਦਰ ਸਰਕਾਰ ਦੇ ਕਾਰਜਕਾਲ ਦੌਰਾਨ ਤਤਕਾਲੀ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਨੇ ਇਹ ਪੀਜੀਆਈ ਪ੍ਰਾਜੈਕਟ ਸੰਗਰੂਰ ਲਈ ਲਿਆਂਦਾ ਸੀ। ਸੰਗਰੂਰ ਤੋਂ ਅੱਠ ਕਿਲੋਮੀਟਰ ਦੂਰ ਘਾਬਦਾਂ ਵਿਖੇ 25 ਏਕੜ ਰਕਬੇ ਵਿਚ 449 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਪੀਜੀਆਈ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਪੀਜੀਆਈ ਦੀ ਉਸਾਰੀ ਦਾ ਕੰਮ ਦੋ ਪੜਾਵਾਂ ਵਿਚ ਸ਼ੁਰੂ ਹੋਇਆ। ਪੀਜੀਆਈ ਸੈਂਟਰ ਵਿਚ ਦੋ ਸਾਲ ਪਹਿਲਾਂ ਓਪੀਡੀ ਸੇਵਾ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਪੀਜੀਆਈ ਸੈਂਟਰ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ। 300 ਬਿਸਤਰਿਆਂ ਦੀ ਸਮਰੱਥਾ ਵਾਲਾ ਪੀਜੀਆਈ ਕੇਂਦਰ ਆਪਣੀ ਪੂਰੀ ਸਮਰੱਥਾ ਨਾਲ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰੇਗਾ।
ਟਰੌਮਾ ਸੈਂਟਰ, 8 ਆਪ੍ਰੇਸ਼ਨ ਥੀਏਟਰਾਂ ਸਮੇਤ ਹਰ ਸਹੂਲਤ ਹੈ ਉਪਲੱਬਧ
ਪੀਜੀਆਈ ਸੈਂਟਰ ਘਾਬਦਾਂ ਵਿਚ ਵੱਖ-ਵੱਖ ਬਿਮਾਰੀਆਂ ਦੇ ਮਾਹਰ 85 ਦੇ ਕਰੀਬ ਡਾਕਟਰ ਤਾਇਨਾਤ ਕੀਤੇ ਜਾ ਰਹੇ ਹਨ ਜਦਕਿ ਚਾਰ ਸੌ ਤੋਂ ਵੱਧ ਮੁਲਾਜ਼ਮ ਰੱਖੇ ਗਏ ਹਨ। ਇਸ ਵਿਚ 300 ਬੈੱਡ, ਪੰਜ ਵੱਡੇ ਅਤੇ ਦੋ ਛੋਟੇ ਆਪ੍ਰੇਸ਼ਨ ਥੀਏਟਰ, ਆਈਸੀਯੂ ਵਾਰਡ, ਐਮਰਜੈਂਸੀ ਵਾਰਡ, ਓਪੀਡੀ ਸੇਵਾਵਾਂ, ਟੈਲੀਮੈਡੀਸਨ ਸੈਂਟਰ ਅਤੇ ਹੋਰ ਬਹੁਤ ਸਾਰੀਆਂ ਆਧੁਨਿਕ ਸਹੂਲਤਾਂ ਸ਼ਾਮਲ ਹਨ। ਇੱਥੇ ਮਰੀਜ਼ਾਂ ਲਈ ਐੱਮਆਰਆਈ, ਸਿਟੀ ਸਕੈਨ, ਰੇਡੀਓਥੈਰੇਪੀ, ਫਿਜ਼ੀਓਥੈਰੇਪੀ ਆਦਿ ਸਹੂਲਤਾਂ ਦੇ ਨਾਲ ਬਲੱਡ ਬੈਂਕ ਬਣਾਇਆ ਗਿਆ ਹੈ। ਰੇਡੀਓਥੈਰੇਪੀ ਦੀ ਸੁਵਿਧਾ ਉਪਲੱਬਧ ਹੋਣ ਕਾਰਨ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਵੀ ਇੱਥੇ ਸੰਭਵ ਹੋਵੇਗਾ।
Comentarios