22/02/2024
ਪੰਜਾਬ ’ਚ ਚਾਰ ਦਿਨ ਪਹਿਲਾਂ ਸਰਗਰਮ ਹੋਈ ਪੱਛਮੀ ਗੜਬੜੀ ਦਾ ਅਸਰ ਬੁੱਧਵਾਰ ਨੂੰ ਖ਼ਤਮ ਹੋ ਗਿਆ। ਇਸ ਤੋਂ ਬਾਅਦ ਹੁਣ ਮੌਸਮ ਮੁੜ ਸਾਫ਼ ਹੋ ਗਿਆ ਹੈ। ਤਿੰਨ ਦਿਨਾਂ ਤੋਂ ਜਿਨ੍ਹਾਂ ਜ਼ਿਲ੍ਹਿਆਂ ’ਚ ਬੱਦਲ ਛਾਏ ਹੋਏ ਸਨ, ਉੱਥੇ ਵੀ ਧੁੱਪ ਨਿਕਲੀ। ਸਿਰਫ਼ ਪਠਾਨਕੋਟ ’ਚ ਕਈ ਥਾਵਾਂ ’ਤੇ ਬੂੰਦਾਬਾਂਦੀ ਦਰਜ ਕੀਤੀ ਗਈ। ਉੱਧਰ, ਰਾਤ ਵੇਲੇ ਠੰਢ ਬਰਕਰਾਰ ਹੈ। ਰਾਤ ਦਾ ਤਾਪਮਾਨ ਕਈ ਜ਼ਿਲ੍ਹਿਆਂ ’ਚ ਆਮ ਨਾਲੋਂ ਘੱਟ ਦਰਜ ਕੀਤਾ ਗਿਆ।
ਜਲੰਧਰ ਤੇ ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ 6.7 ਡਿਗਰੀ ਸੈਲਸੀਅਸ, ਬਠਿੰਡਾ, ਮੋਗਾ ਤੇ ਗੁਰਦਾਸਪੁਰ ’ਚ 7.5 ਡਿਗਰੀ, ਪਠਾਨਕੋਟ ’ਚ 9.1 ਡਿਗਰੀ, ਲੁਧਿਆਣੇ ’ਚ 9.6 ਡਿਗਰੀ, ਚੰਡੀਗੜ੍ਹ ’ਚ 11.7 ਡਿਗਰੀ, ਪਟਿਆਲੇ ’ਚ 12.5 ਡਿਗਰੀ, ਰੋਪੜ ਤੇ ਫ਼ਰੀਦਕੋਟ ’ਚ 10 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਗੁਰਦਾਸਪੁਰ ਤੇ ਲੁਧਿਆਣੇ ’ਚ ਦਿਨ ਦਾ ਤਾਪਮਾਨ 24 ਡਿਗਰੀ ਤਾਂ ਪਟਿਆਲਾ, ਚੰਡੀਗੜ੍ਹ, ਫ਼ਰੀਦਕੋਟ, ਪਠਾਨਕੋਟ ਤੇ ਫ਼ਿਰੋਜ਼ਪੁਰ ’ਚ 23 ਡਿਗਰੀ ਸੈਲਸੀਅਸ ਰਿਹਾ। ਵਿਭਾਗ ਦੀ ਪੇਸ਼ੀਨਗੋਈ ਮੁਤਾਬਕ, ਵੀਰਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ। 25 ਫਰਵਰੀ ਤੱਕ ਪੰਜਾਬ ’ਚ ਦਿਨ ਵੇਲੇ ਤਿੱਖੀ ਧੁੱਪ ਨਿਕਲੇਗੀ ਜਿਸ ਨਾਲ ਹੁਣ ਵੱਧ ਤੋਂ ਵੱਧ ਤਾਪਮਾਨ ’ਚ ਵਾਧਾ ਹੋਵੇਗਾ।
Comments