04/02/2024
ਨਸ਼ੇ ਦੇ ਦੈਂਤ ਨੇ ਸ਼ਨਿੱਚਰਵਾਰ ਨੂੰ ਇੱਕ ਹੋਰ ਨੌਜਵਾਨ ਨਿਗਲ ਲਿਆ। ਮਰਨ ਵਾਲੇ ਦੀ ਸ਼ਨਾਖਤ ਤਾਂ ਨਹੀਂ ਹੋ ਸਕੀ, ਪਰ ਉਸਦੀ ਬਾਂਹ ਵਿੱਚ ਫਸੀ ਸਰਿੰਜ ਗਵਾਹੀ ਦੇ ਰਹੀ ਸੀ ਕਿ ਨੌਜਵਾਨ ਨਸ਼ੇ ਦੀ ਬਲੀ ਚੜ੍ਹ ਗਿਆ। ਥਾਣਾ ਕੂਮਕਲਾਂ ਦੀ ਪੁਲਿਸ ਨੇ ਸੂਚਨਾ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। 72 ਘੰਟੇ ਤੱਕ ਲਾਸ਼ ਨੂੰ ਸ਼ਨਾਖਤ ਲਈ ਮੌਰਚਰੀ ਦੇ ਵਿੱਚ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਤਫਤੀਸ਼ੀ ਅਫ਼ਸਰ ਰਘਬੀਰ ਸਿੰਘ ਨੇ ਦੱਸਿਆ ਕਿ ਉਹ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ।
ਇਸੇ ਦੌਰਾਨ ਉਨ੍ਹਾਂ ਨੂੰ ਇਕ ਰਾਹਗੀਰ ਨੇ ਸੂਚਨਾ ਦਿੱਤੀ ਕਿ ਥਾਣਾ ਕੂਮਕਲਾਂ ਦੇ ਅਧੀਨ ਆਉਂਦੇ ਸਤਲੁਜ ਬੰਨ ਤੇ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚੀ। ਨੌਜਵਾਨ ਦੀ ਬਾਂਹ ਵਿੱਚ ਸਰਿੰਜ ਫਸੀ ਹੋਈ ਸੀ, ਜਿਸ ਤੋਂ ਇਹ ਸਾਫ ਜ਼ਾਹਿਰ ਹੋ ਰਿਹਾ ਸੀ ਕਿ ਨਸ਼ਾ ਕਰਦੇ ਸਮੇਂ ਓਵਰ ਡੋਜ਼ ਲੈਣ ਕਾਰਨ ਉਸਦੀ ਮੌਤ ਹੋ ਗਈ। ਰਘਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਕਬਜ਼ੇ ’ਚੋਂ ਕੋਈ ਵੀ ਦਸਤਾਵੇਜ਼ ਬਰਾਮਦ ਨਹੀਂ ਹੋਇਆ ਜਿਸ ਦੇ ਜ਼ਰੀਏ ਉਸਦੀ ਸ਼ਨਾਖਤ ਨਹੀਂ ਹੋ ਸਕੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
Kommentare