21/12/2023
ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਹਾਲ ਹੀ ’ਚ ਦਿੱਤੇ ਗਏ ਵਿਵਾਦਤ ਬਿਆਨਾਂ ਨੂੰ ਲੈ ਕੇ ਕਾਂਗਰਸ ’ਚ ਨਾਰਾਜ਼ਗੀ ਹੈ। ਉਨ੍ਹਾਂ ਨੇ ਹਾਲ ਹੀ ’ਚ ਸਾਬਕਾ ਸੂਬਾ ਪ੍ਰਧਾਨ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਹੱਲਾ ਬੋਲਿਆ ਸੀ। ਕਾਂਗਰਸੀ ਆਗੂਆਂ ਨੇ ਹੁਣ ਸਿੱਧੂ ਨੂੰ ‘ਬਾਰੂਦ’ ਕਰਾਰ ਦਿੱਤਾ ਹੈ, ਜੋ ਕਿ ਜਿਸ ਪਾਰਟੀ ’ਚ ਹੁੰਦੇ ਹਨ, ਉੱਥੇ ਹੀ ਫਟਦੇ ਹਨ। ਕਾਂਗਰਸ ਤੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨੇ ਅਨੁਸ਼ਾਸਨਹੀਣਤਾ ਨੂੰ ਲੈ ਕੇ ਸਿੱਧੂ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਕੀਤੀ ਹੈ।
ਕਾਂਗਰਸੀ ਆਗੂਆਂ ਵੱਲੋਂ ਜਾਰੀ ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਭਾਵੇਂ ਹੀ ਸਿੱਧੂ ਸਨਮਾਨਯੋਗ ਹੋਣ ਪਰ ਉਨ੍ਹਾਂ ਦੇ ਕੰਮ ਅਕਸਰ ਹੀ ਪਾਰਟੀ ਖ਼ਿਲਾਫ਼ ਹੁੰਦੇ ਹਨ। ਸਿੱਧੂ ਹੀ ਸਨ, ਜਿਨ੍ਹਾਂ ਦੀ ਅਗਵਾਈ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ। ਇਨ੍ਹਾਂ ਚੋਣਾਂ ’ਚ ਕਾਂਗਰਸ 78 ’ਚੋਂ 18 ਸੀਟਾਂ ’ਤੇ ਸਿਮਟ ਕੇ ਰਹਿ ਗਈ। ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਇਹ ਸਭ ਕੁਝ ਸਿੱਧੂ ਦੀ ਅਨੁਸ਼ਾਸਨਹੀਣਤਾ ਕਾਰਨ ਹੀ ਹੋਇਆ। ਨਵਜੋਤ ਦਹੀਆ ਨੇ ਕਿਹਾ ਕਿ ਸਿੱਧੂ ਇਕ ਟੀਮ ਦੇ ਖਿਡਾਰੀ ਨਹੀਂ ਹਨ। ਉਹ ਜਿਸ ਟੀਮ ’ਚ ਹੁੰਦੇ ਹਨ, ਉਸੇ ਖ਼ਿਲਾਫ਼ ਖੇਡਦੇ ਹਨ। ਇੰਦਰਬੀਰ ਸਿੰਘ ਨੇ ਕਿਹਾ ਕਿ 2022 ’ਚ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਗਿਆ, ਉਸ ਸਮੇਂ ਸਿੱਧੂ ਉਨ੍ਹਾਂ ਦੇ ਨਾਲ ਹੀ ਬੈਠੇ ਸਨ, ਇਸ ਦੇ ਬਾਵਜੂਦ ਉਨ੍ਹਾਂ ਨੇ ਖ਼ੁਦ ਦੀ ਵਡਿਆਈ ਕਰਨ ਦਾ ਏਜੰਡਾ ਚੁਣਿਆ। ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਸਿੱਧੂ ਨੇ ਕਦੇ ਵੀ ਪਾਰਟੀ ਦੇ ਏਜੰਡੇ ਦੀ ਹਮਾਇਤ ਨਹੀਂ ਕੀਤੀ। ਕਾਂਗਰਸ ਪ੍ਰਧਾਨ ਦੇ ਰੂਪ ’ਚ ਵੀ ਉਹ ਨਾਕਾਮ ਰਹੇ। ਸਿੱਧੂ ਨਾ ਤਾਂ ਟੀਮ ਦੇ ਕਪਤਾਨ ਦੇ ਰੂਪ ’ਚ ਪ੍ਰਦਰਸ਼ਨ ਕਰ ਸਕੇ ਤੇ ਨਾ ਹੀ ਖਿਡਾਰੀ ਦੇ ਰੂਪ ’ਚ। ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ, ਲਖਬੀਰ ਸਿੰਘ ਲੱਖਾ, ਦਵਿੰਦਰ ਸਿੰਘ ਘੁਬਾਇਆ, ਖ਼ੁਸ਼ਬਾਜ਼ ਸਿੰਘ ਜਟਾਣਾ, ਅਮਿਤ ਵਿਜ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਸਿੱਧੂ ਕਾਰਨ ਕਾਂਗਰਸ ਪਹਿਲਾਂ ਵੀ ਕਮਜ਼ੋਰ ਹੋਈ ਸੀ ਤੇ ਹੁਣ ਵੀ ਹੋ ਰਹੀ ਹੈ, ਇਸ ਲਈ ਪਾਰਟੀ ਨੂੰ ਉਨ੍ਹਾਂ ਦੀ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਕਰਨ ਦੀ ਬਜਾਏ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ।
Comments