05/01/2024
ਪੰਜਾਬ ਕਾਂਗਰਸ ਸੱਤ ਜਨਵਰੀ ਨੂੰ ਬਠਿੰਡਾ ਦਿਹਾਤੀ ਦੇ ਕੋਟ ਸ਼ਮੀਰ ’ਚ ਹੋਣ ਵਾਲੀ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਲੈ ਕੇ ਚੌਕਸ ਹੋ ਗਈ ਹੈ ਕਿਉਂਕਿ ਸਿੱਧੂ ਦੀ ਰੈਲੀ ਪ੍ਰਦੇਸ਼ ਕਾਂਗਰਸ ਦੀ ਇਜਾਜ਼ਤ ਦੇ ਬਗ਼ੈਰ ਹੋ ਰਹੀ ਹੈ। ਉਥੇ ਅੱਠ ਜਨਵਰੀ ਨੂੰ ਕਾਂਗਰਸ ਦੇ ਨਵੇਂ ਪ੍ਰਦੇਸ਼ ਇੰਚਾਰਜ ਦੇਵੇਂਦਰ ਯਾਦਵ ਪੰਜਾਬ ਪੁੱਜ ਰਹੇ ਹਨ। ਉਹ ਚਾਰ ਦਿਨਾਂ ਤੱਕ ਇੱਥੇ ਰੁਕਣਗੇ।
ਅਹਿਮ ਗੱਲ ਇਹ ਹੈ ਕਿ ਸਿੱਧੂ ਨੇ ਜਦੋਂ ਮਹਿਰਾਜ ਵਿਚ ਪਹਿਲੀ ਰੈਲੀ ਕੀਤੀ ਸੀ ਤਾਂ ਕਾਂਗਰਸ ਦੇ ਅੱਧਾ ਦਰਜਨ ਤੋਂ ਵੱਧ ਸਾਬਕਾ ਵਿਧਾਇਕਾਂ ਤੇ ਨੇਤਾਵਾਂ ਨੇ ਇਸ ਨੂੰ ਅਨੁਸ਼ਾਸਨਹੀਣਤਾ ਮੰਨਿਆ ਸੀ। ਸਾਬਕਾ ਵਿਧਾਇਕਾਂ ਨੇ ਸਿੱਧੂ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਵੀ ਕਰ ਦਿੱਤੀ ਸੀ। ਇਸੇ ਦੌਰਾਨ ਕਾਂਗਰਸ ਨੇ ਹਰੀਸ਼ ਚੌਧਰੀ ਨੂੰ ਹਟਾ ਕੇ ਦੇਵੇਂਦਰ ਯਾਦਵ ਨੂੰ ਪ੍ਰਦੇਸ਼ ਇੰਚਾਰਜ ਬਣਾ ਦਿੱਤਾ। ਯਾਦਵ ਦੇ ਪੰਜਾਬ ਦੌਰੇ ਤੋਂ ਪਹਿਲਾਂ ਸਿੱਧੂ ਨੇ ਕੋਟ ਸ਼ਮੀਰ ’ਚ ਇਕ ਹੋਰ ਰੈਲੀ ਰੱਖ ਲਈ ਹੈ। ਸਿੱਧੂ ਦੀ ਰੈਲੀ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਪਰੇਸ਼ਾਨ ਹੈ ਕਿਉਂਕਿ ਸਿੱਧੂ ਜਦੋਂ ਵੀ ਰੈਲੀ ਕਰਦੇ ਹਨ ਤਾਂ ਕਾਂਗਰਸ ਨੂੰ ਵੀ ਕਟਹਿਰੇ ’ਚ ਖੜ੍ਹਾ ਕਰ ਦਿੰਦੇ ਹਨ। ਉਥੇ ਸਿੱਧੂ ਦੀ ਰੈਲੀ ਦੇ ਅਗਲੇ ਦਿਨ ਹੀ ਨਵੇਂ ਪ੍ਰਦੇਸ਼ ਇੰਚਾਰਜ ਪੰਜਾਬ ਆਉਣਗੇ।
ਜਾਣਕਾਰੀ ਅਨੁਸਾਰ ਅੱਠ ਜਨਵਰੀ ਨੂੰ ਦੇਵੇਂਦਰ ਯਾਦਵ ਸਿੱਧੇ ਅੰਮ੍ਰਿਤਸਰ ਪੁੱਜਣਗੇ। ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ 9 ਜਨਵਰੀ ਨੂੰ ਉਹ ਚੰਡੀਗੜ੍ਹ ਪੁੱਜਣਗੇ। ਇਸੇ ਦੌਰਾਨ ਉਨ੍ਹਾਂ ਦੇ ਨਾਲ ਪ੍ਰਦੇਸ਼ ਪ੍ਰਧਆਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸੀਨੀਅਰ ਨੇਤਾ ਮੌਜੂਦ ਰਹਿਣਗੇ। ਦੇਵੇਂਦਰ ਯਾਦਵ 9 ਜਨਵਰੀ ਨੂੰ ਵਿਧਾਇਕ, ਸਾਬਕਾ ਵਿਧਾਇਕਾਂ ਤੇ ਵਿਧਾਨ ਸਭਾ ਚੋਣਾਂ ਲੜ ਚੁੱਕੇ ਉਮੀਦਵਾਰਾਂ ਨਾਲ ਗੱਲਬਾਤ ਕਰਨਗੇ। ਦੂਸਰੇ ਦੌਰ ਵਿਚ ਸੰਸਦ ਮੈਂਬਰਾਂ ਤੇ ਲੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨਾਲ ਮੀਟਿੰਗਾਂ ਕਰਨਗੇ।
10 ਜਨਵਰੀ ਨੂੰ ਪ੍ਰਦੇਸ਼ ਇੰਚਾਰਜ, ਬਲਾਕ ਪ੍ਰਧਾਨਾਂ ਤੇ ਪ੍ਰਦੇਸ਼ ਕਾਰਜਕਾਰਨੀ ਨਾਲ ਮੀਟਿੰਗ ਕਰਨਗੇ। ਉਨ੍ਹਾਂ ਦੀ 11 ਜਨਵਰੀ ਨੂੰ ਜ਼ਿਲ੍ਹਾ ਪ੍ਰਧਾਨਾਂ ਤੇ ਫ੍ਰੰਟਲ ਆਰਗੇਨਾਈਜ਼ੇਸ਼ਨ ਦੇ ਨੇਤਾਵਾਂ ਨਾਲ ਮੀਟਿੰਗ ਹੋਵੇਗੀ।
ਜ਼ਿਕਰਯੋਗ ਹੈ ਕਿ ਪਹਿਲਾਂ ਨਿਰਧਾਰਤ ਪ੍ਰੋਗਰਾਮ ਤਹਿਤ ਪਹਿਲਾਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਦਸ ਜਨਵਰੀ ਨੂੰ ਪੰਜਾਬ ਵਿਚ ਬਲਾਕ, ਜ਼ਿਲ੍ਹਾ ਤੇ ਪ੍ਰਦੇਸ਼ ਪੱਧਰ ਦੇ ਨੇਤਾਵਾਂ ਨਾਲ ਮੀਟਿੰਗਾਂ ਕਰਨੀਆਂ ਸੀ। ਹੁਣ ਪਾਰਟੀ ਨੇ ਆਪਣੀ ਯੋਜਨਾ ਵਿਚ ਤਬਦੀਲੀ ਕੀਤੀ ਹੈ। ਰਾਹੁਲ ਗਾਂਧੀ ਦੀ 14 ਜਨਵਰੀ ਨੂੰ ਨਿਆਂ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਹੀ ਖੜਗੇ ਪੰਜਾਬ ਦਾ ਦੌਰਾ ਕਰਨਗੇ।
留言