20/02/2024
ਨੌਜਵਾਨ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ ਨਿੱਜੀ ਬੈਂਕ ਵਿਚ ਜਮ੍ਹਾਂ ਕਰਵਾਏ ਪੈਸੇ ਕਥਿਤ ਤੌਰ ’ਤੇ ਕਢਵਾ ਕੇ ਕਰੀਬ 11 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਵੈਰੋਵਾਲ ਵਿਖੇ ਉਕਤ ਬੈਂਕ ਦੀ ਬ੍ਰਾਂਚ ਦੇ ਮੈਨੇਜਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਜਗਦੀਸ਼ ਸਿੰਘ ਵਾਸੀ ਪਿੰਡ ਨਾਗੋਕੇ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਆਪਣੇ ਪੁੱਤਰ ਹਰਮਨਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਲਈ ਵਿਕਾਸ ਸ਼ਰਮਾ ਵਾਸੀ ਪ੍ਰਕਾਸ਼ ਐਵੀਨਿਊ ਕਪੂਰਥਲਾ ਨੂੰ 13 ਲੱਖ 75 ਹਜ਼ਾਰ ਰੁਪਏ ਬੈਂਕ ਰਾਹੀਂ ਦਿੱਤੇ ਸਨ। ਵਿਕਾਸ ਸ਼ਰਮਾ ਹੁਸ਼ਿਆਰਪੁਰ ਦੀ ਐਕਸਿਸ ਬੈਂਕ ਵਿਚ ਬ੍ਰਾਂਚ ਮੈਨੇਜਰ ਸੀ, ਨੇ ਉਸ ਦੇ ਪੁੱਤਰ ਨੂੰ ਕਹਿ ਕੇ ਉਕਤ ਬੈਂਕ ਵਿਚ ਖਾਤਾ ਖੁੱਲ੍ਹਵਾਇਆ। ਉਸ ਦੇ ਪੁੱਤਰ ਨੇ ਉਕਤ ਰੁਪਏ ਐਕਸਿਸ ਬੈਂਕ ਦੇ ਖਾਤੇ ਵਿਚ ਪਾਏ ਅਤੇ ਬ੍ਰਾਂਚ ਮੈਨੇਜਰ ਵਿਕਾਸ ਸ਼ਰਮਾ ਨੇ ਇਸ ਖਾਤੇ ਦੀ ਚੈੱਕ ਬੁੱਕ ਉਸ ਦੇ ਲੜਕੇ ਕੋਲੋਂ ਲੈ ਕੇ ਆਪਣੇ ਕੋਲ ਰੱਖ ਲਈ ਜਿਸ ਨਾਲ ਉਸ ਨੇ ਸਾਰੇ ਪੈਸੇ ਕਢਵਾ ਲਏ। ਵਿਦੇਸ਼ ਨਾ ਭੇਜਣ ’ਤੇ ਜਦੋਂ ਉਸ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਵਿਕਾਸ ਸ਼ਰਮਾ ਨੇ 2 ਲੱਖ 20 ਹਜ਼ਾਰ ਰੁਪਏ ਉਸ ਨੂੰ ਵਾਪਸ ਕਰ ਦਿੱਤੇ ਅਤੇ ਬਾਕੀ 10 ਲੱਖ 95 ਹਜ਼ਾਰ ਰੁਪਏ ਨਹੀਂ ਮੋੜੇ।
ਉਕਤ ਸ਼ਿਕਾਇਤ ਦੀ ਪੜਤਾਲ ਡੀਐੱਸਪੀ ਆਰਥਿਕ ਅਪਰਾਧ ਸ਼ਾਖਾ ਤੇ ਸਾਈਬਰ ਕ੍ਰਾਈਮ ਤਰਨਤਾਰਨ ਵੱਲੋਂ ਕਰਨ ਉਪਰੰਤ ਐੱਸਐੱਸਪੀ ਦੇ ਹੁਕਮਾਂ ’ਤੇ ਵਿਕਾਸ ਸ਼ਰਮਾ ਨੂੰ ਧੋਖਾਧੜੀ ਕਰਨ ਸਬੰਧੀ ਥਾਣਾ ਵੈਰੋਵਾਲ ਵਿਖੇ ਨਾਮਜ਼ਦ ਕੀਤਾ ਗਿਆ ਹੈ। ਉਕਤ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਲਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
Comments