19/02/2024
ਕਪੂਰਥਲਾ ਦਾ ਇੱਕ ਨੌਜਵਾਨ ਮਨੀਲਾ ਦੇ ਕੰਦਨ ਸ਼ਹਿਰ ਤੋਂ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ ਹੈ ਜਿਸ ਤੋਂ ਬਾਅਦ ਮਨੀਲਾ 'ਚ ਰਹਿੰਦੇ ਉਸ ਦੇ ਰਿਸ਼ਤੇਦਾਰ ਨੌਜਵਾਨ ਦੀ ਭਾਲ 'ਚ ਲੱਗੇ ਹੋਏ ਹਨ। ਕਪੂਰਥਲਾ ਦੇ ਰਹਿਣ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰ ਪਰੇਸ਼ਾਨੀ ਵਿੱਚ ਹਨ। ਲਾਪਤਾ ਨੌਜਵਾਨ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਲੱਭਣ ਵਿੱਚ ਮਦਦ ਕੀਤੀ ਜਾਵੇ।
ਜਾਣਕਾਰੀ ਦਿੰਦਿਆਂ, ਮੁਹੱਬਤ ਨਗਰ ਕਪੂਰਥਲਾ ਦੇ ਵਸਨੀਕ ਬੂਟਾ ਰਾਮ ਨੇ ਦੱਸਿਆ ਕਿ ਉਸ ਦਾ ਲੜਕਾ ਪ੍ਰਭੂ ਪ੍ਰੀਤ ਸਿੰਘ ਦਿਓਲ (ਪ੍ਰਿੰਸ) (25 ਸਾਲ) ਪਿਛਲੇ 5 ਸਾਲਾਂ ਤੋਂ ਮਨੀਲਾ ਦੇ ਕੰਡਨ ਸ਼ਹਿਰ ਵਿੱਚ ਰਹਿ ਰਿਹਾ ਹੈ ਅਤੇ ਫਾਇਨਾਂਸ ਦਾ ਕਾਰੋਬਾਰ ਕਰਦਾ ਹੈ। ਉਸ ਦਾ ਪੁੱਤਰ ਪ੍ਰਿੰਸ 15 ਫਰਵਰੀ ਨੂੰ ਕੰਮ 'ਤੇ ਗਿਆ ਸੀ ਪਰ ਵਾਪਸ ਨਹੀਂ ਆਇਆ। ਬੀਤੀ 15 ਫਰਵਰੀ ਨੂੰ ਦੁਪਹਿਰ 12 ਵਜੇ ਦੇ ਕਰੀਬ ਉਸ ਨੇ ਪੈਟਰੋਲ ਪੰਪ ਤੋਂ ਬਾਈਕ 'ਤੇ ਵੀ ਤੇਲ ਭਰਵਾਇਆ ਸੀ ਜਿਸ ਦਾ ਪਤਾ ਪੰਪ 'ਤੇ ਲੱਗੇ ਸੀਸੀਟੀਵੀ ਤੋਂ ਲੱਗਾ ਉਦੋਂ ਤੋਂ ਉਸ ਦੇ ਪੁੱਤਰ ਪ੍ਰਿੰਸ ਦਾ ਮੋਬਾਈਲ ਵੀ ਬੰਦ ਹੈ।
ਲਾਪਤਾ ਨੌਜਵਾਨ ਦੇ ਪਿਤਾ ਬੂਟਾ ਰਾਮ ਨੇ ਦੱਸਿਆ ਕਿ ਕੰਦਨ ਸ਼ਹਿਰ ਵਿੱਚ ਰਹਿੰਦੇ ਉਸ ਦੇ ਰਿਸ਼ਤੇਦਾਰ ਉਸ ਦੇ ਪੁੱਤਰ ਦੀ ਭਾਲ ਵਿੱਚ ਜੁਟੇ ਹੋਏ ਹਨ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਵਿਦੇਸ਼ਾਂ 'ਚ ਫਸੇ ਭਾਰਤੀਆਂ ਦੀ ਵਾਪਸੀ ਲਈ ਆਸ ਦੀ ਕਿਰਨ ਬਣੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਇਨ੍ਹੀਂ ਦਿਨੀਂ ਕਿਸੇ ਸਮਾਗਮ ਲਈ ਮਨੀਲਾ ਗਏ ਹੋਏ ਹਨ। ਬੂਟਾ ਰਾਮ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਦੇ ਪੁੱਤਰ ਦੀ ਭਾਲ ਵਿਚ ਉਨ੍ਹਾਂ ਦੀ ਮਦਦ ਕਰਨ।
Comments