12/02/2024
ਐਤਵਾਰ ਦੇਰ ਸ਼ਾਮ ਹੁਸ਼ਿਆਰਪੁਰ ਦੇ ਪਿੰਡ ਚੰਦੇਲੀ ’ਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ ਜਦੋਂ ਪਿੰਡ ਦੇ ਬਾਹਰਵਾਰ ਧਾਰਮਿਕ ਡੇਰੇ ’ਚ 18 ਸਾਲਾ ਨੌਜਵਾਨ ਦੀ ਲਾਸ਼ ਦਰੱਖ਼ਤ ਨਾਲ ਲਟਕਦੀ ਮਿਲੀ। ਨੌਜਵਾਨ ਦਸ ਦਿਨਾਂ ਤੋਂ ਲਾਪਤਾ ਸੀ। ਥਾਣਾ ਮੁਖੀ ਰਮਨ ਕੁਮਾਰ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਮਨਪ੍ਰੀਤ ਸਿੰਘ ਵਾਸੀ ਚੰਦੇਲੀ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਜਸਕਰਨ ਸਿੰਘ ਮਜ਼ਦੂਰੀ ਕਰਦਾ ਸੀ। ਪਹਿਲੀ ਫ਼ਰਵਰੀ ਨੂੰ ਕੰਮ ’ਤੇ ਗਿਆ ਪਰ ਵਾਪਸ ਨਾ ਮੁੜਿਆ। ਤਿੰਨ ਅਤੇ ਪੰਜ ਫ਼ਰਵਰੀ ਨੂੰ ਉਸ ਨੇ ਫ਼ੋਨ ’ਤੇ ਦੱਸਿਆ ਸੀ ਕਿ ਉਹ ਕੰਮ ’ਤੇ ਹੈ, ਚਿੰਤਾ ਨਾ ਕਰੋ। ਐਤਵਾਰ ਦੇਰ ਸ਼ਾਮ ਡੇਰਾ ਦੇਹਰਾ ਵਿਖੇ ਜਸਕਰਨ ਦੀ ਲਾਸ਼ ਦਰੱਖਤ ਨਾਲ ਲਟਕ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਡੇਢ ਸਾਲ ਪਹਿਲਾਂ ਵੀ ਉਨ੍ਹਾਂ ਦੇ ਬੇਟੇ ਨੂੰ ਅਗਵਾ ਕੇ ਕੁੱਟਮਾਰ ਕਰ ਕੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰ ਦਿੱਤੀ ਸੀ। ਕਤਲ ਕਰਨੇ ਵਾਲੇ ਕੁੱਟਮਾਰ ਕਰ ਕੇ ਵਿਦੇਸ਼ ਦੌੜ ਗਏ ਹਨ। ਉਨ੍ਹਾਂ ਦੱਸਿਆ ਕਿ ਉਸ ਵੇਲੇ ਵੀ ਪੁਲਿਸ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਸੀ ਅਤੇ ਅੱਜ ਉਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਪੁੱਤਰ ਗੁਆਉਣਾ ਪਿਆ। ਮਾਹਿਲਪੁਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਡੀਐੱਸਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਵਿੱਚੋਂ ਸੁਸਾਈਡ ਨੋਟ ਵੀ ਮਿਲਿਆ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਦੂਜੇ ਪਾਸੇ ਉਸ ਦੇ ਚਚੇਰੇ ਭਰਾ ਨੇ ਦੱਸਿਆ ਕਿ ਜਸਕਰਨ ਅੰਨਪੜ ਸੀ ਅਤੇ ਇਹ ਨੋਟ ਕਤਲ ਕਰਨ ਵਾਲਿਆਂ ਨੇ ਲਿਖ ਕੇ ਉਸ ਦੀ ਜੇਬ ਵਿਚ ਪਾਇਆ ਹੈ। ਮ੍ਰਿਤਕ ਨੂੰ ਤਾਂ ਲਿਖ਼ਣਾ ਨਹੀਂ ਆਉਂਦਾ ਸੀ ਅਤੇ ਇਹ ਲਿਖਤ ਉਸ ਦੀ ਨਹੀਂ ਹੈ। ਸਭ ਤੋਂ ਮਹੱਤਵਪੂਰਨ ਉਹ ਆਤਮ ਹੱਤਿਆ ਕਿਉਂ ਕਰੇਗਾ ਇਹ ਕਤਲ ਹੈ।
Commentaires