google-site-verification=ILda1dC6H-W6AIvmbNGGfu4HX55pqigU6f5bwsHOTeM
top of page

ਦੋ ਹਫਤੇ ਤੱਕ ਬਜ਼ੁਰਗ ਨੂੰ ਘਰ ’ਚ ਬਣਾਇਆ ਬੰਧਕ, ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ SHO ਨੇ ਖੁੱਲ੍ਹਵਾਏ ਤਾਲੇ, ਮੁਕੱਦਮਾ ਦਰਜ

06/11/2024

ਲੁਧਿਆਣਾ ਦੇ ਨਿਊ ਜਨਤਾ ਨਗਰ ਦੀ ਗਲੀ ਨੰਬਰ 5 ਦੇ ਇੱਕ ਘਰ ਵਿੱਚ ਅਧੇੜ ਉਮਰ ਦੇ ਵਿਅਕਤੀ ਨੂੰ ਦੋ ਹਫ਼ਤੇ ਤੱਕ ਬੰਧਕ ਬਣਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਾਲਾਤ ਇਹ ਸੀ ਕਿ ਮੁਲਜ਼ਮਾਂ ਦੀ ਦਹਿਸ਼ਤ ਕਾਰਨ ਵਿਅਕਤੀ ਦੇ ਪਰਿਵਾਰਕ ਮੈਂਬਰ ਉਸ ਨੂੰ ਖਾਣਾ ਵੀ ਬਾਰੀ ਰਸਤੇ ਫੜਾ ਕੇ ਨੱਸ ਜਾਂਦੇ ਸਨ। ਇਸ ਮਾਮਲੇ ਵਿੱਚ ਹਾਈਕੋਰਟ ਦੇ ਦਖਲ ਤੋਂ ਬਾਅਦ ਥਾਣਾ ਸ਼ਿਮਲਾਪੁਰੀ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਘਰ ਦੇ ਤਾਲੇ ਖੁੱਲ੍ਹਵਾ ਕੇ ਨਿਊ ਜਨਤਾ ਨਗਰ ਦੇ ਰਹਿਣ ਵਾਲੇ ਨਿਰਮਲਜੀਤ ਸਿੰਘ ਨੂੰ ਆਜ਼ਾਦ ਕਰਵਾਇਆ।


ਇਸ ਮਾਮਲੇ ਵਿੱਚ ਪੁਲਿਸ ਨੇ ਪੜਤਾਲ ਤੋਂ ਬਾਅਦ ਨਿਰਮਲਜੀਤ ਸਿੰਘ ਦੀ ਸ਼ਿਕਾਇਤ ’ਤੇ ਲਖਬੀਰ ਕੌਰ, ਪ੍ਰਕਾਸ਼ ਸਿੰਘ ਅਤੇ ਸੋਨੀ ਨਾਮ ਦੇ ਵਿਅਕਤੀ ਦੇ ਖਿਲਾਫ਼ ਬੰਧਕ ਬਣਾ ਕੇ ਰੱਖਣ ਅਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਥਾਣਾ ਸ਼ਿਮਲਾਪੁਰੀ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਨਿਰਮਲਜੀਤ ਸਿੰਘ ਨੇ ਸਾਲ 2003 ਵਿੱਚ ਪ੍ਰਦੀਪ ਸਿੰਘ ਕੋਲੋਂ ਮਕਾਨ ਖਰੀਦਿਆ ਸੀ। ਮਕਾਨ ਵੇਚਣ ਦੇ ਕੁਝ ਸਮੇਂ ਬਾਅਦ ਪ੍ਰਦੀਪ ਸਿੰਘ ਦੀ ਮੌਤ ਹੋ ਗਈ। ਪ੍ਰਦੀਪ ਸਿੰਘ ਦੀ ਪਤਨੀ ਲਖਬੀਰ ਕੌਰ ਕੋਲ ਇਸ ਮਕਾਨ ਦੇ ਹਿੱਸੇ ’ਚੋਂ 50 ਗਜ ਜਗ੍ਹਾ ਆਉਂਦੀ ਸੀ। ਔਰਤ ਨੇ ਕੁਝ ਲੋਕਾਂ ਦੀ ਸ਼ਹਿ ਵਿੱਚ ਆ ਕੇ ਪੂਰੇ ਮਕਾਨ ਉੱਪਰ ਕਬਜ਼ਾ ਕਰਨ ਦੀ ਨੀਅਤ ਬਣਾ ਲਈ। 22 ਅਕਤੂਬਰ ਨੂੰ ਨਿਰਮਲਜੀਤ ਸਿੰਘ ਜਿਵੇਂ ਹੀ ਆਪਣੇ ਘਰ ਵਿੱਚ ਆਇਆ ਤਾਂ ਔਰਤ ਨੇ ਪ੍ਰਕਾਸ਼ ਸਿੰਘ ਅਤੇ ਸੋਨੀ ਨਾਲ ਮਿਲ ਕੇ ਘਰ ਦੇ ਬਾਹਰੋਂ ਤਾਲੇ ਲਗਾ ਦਿੱਤੇ ਅਤੇ ਨਿਰਮਲਜੀਤ ਸਿੰਘ ਨੂੰ ਅੰਦਰ ਹੀ ਬੰਧਕ ਬਣਾ ਲਿਆ। ਲਖਬੀਰ ਕੌਰ ਦੇ ਨਾਲ ਨਿਹੰਗ ਸਿੰਘਾਂ ਦਾ ਬਾਣਾ ਪਾਏ ਕੁਝ ਵਿਅਕਤੀ ਆਏ। ਗੇਟ ਦੇ ਬਾਹਰ ਤਲਵਾਰਾਂ ਲਹਿਰਾਉਂਦੇ ਹੋਏ ਮੁਲਜ਼ਮਾਂ ਨੇ ਨਿਰਮਲਜੀਤ ਸਿੰਘ ਨੂੰ ਜਾਣ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ।

ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਨਿਰਮਲਜੀਤ ਸਿੰਘ ਕਈ ਦਿਨਾਂ ਤੱਕ ਘਰ ਦੇ ਅੰਦਰ ਹੀ ਬੰਧਕ ਬਣਿਆ ਰਿਹਾ। ਮੁਲਜ਼ਮ ਉਸ ਨੂੰ ਕਹਿ ਰਹੇ ਸਨ ਕਿ ਉਹ ਉਸ ਨੂੰ ਅੰਦਰ ਹੀ ਮਾਰ ਦੇਣਗੇ। ਮੁਲਜ਼ਮ ਇਹ ਗੱਲ ਕਹਿ ਕੇ ਦਬਾਅ ਬਣਾ ਰਹੇ ਸਨ ਕਿ ਨਿਰਮਲਜੀਤ ਨੇ ਲਖਬੀਰ ਕੌਰ ਦੀ ਜ਼ਮੀਨ ਉੱਪਰ ਕਬਜ਼ਾ ਕੀਤਾ ਹੈ। ਜਿਵੇਂ ਹੀ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਤਾਂ ਸਾਰੇ ਕੇਸ ਦੀ ਪੜਤਾਲ ਸ਼ੁਰੂ ਹੋਈ। ਇਸੇ ਦੌਰਾਨ ਥਾਣੇਦਾਰ ਬਲਵਿੰਦਰ ਸਿੰਘ ਨੂੰ ਜਾਂਚ ਲਈ ਹਾਈ ਕੋਰਟ ਦੇ ਆਦੇਸ਼ ਮਿਲੇ। ਤੁਰੰਤ ਕਾਰਵਾਈ ਕਰਦਿਆਂ ਥਾਣੇਦਾਰ ਬਲਵਿੰਦਰ ਸਿੰਘ ਨੇ ਘਰ ਦੇ ਤਾਲੇ ਖੁੱਲ੍ਹਵਾ ਕੇ ਨਿਰਮਲਜੀਤ ਸਿੰਘ ਨੂੰ ਆਜ਼ਾਦ ਕਰਵਾਇਆ ਅਤੇ ਮੰਗਲਵਾਰ ਨੂੰ ਹਾਈ ਕੋਰਟ ਪੇਸ਼ ਕੀਤਾ। ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਿਰਮਲਜੀਤ ਸਿੰਘ ਦੀ ਸ਼ਿਕਾਇਤ ’ਤੇ ਲਖਬੀਰ ਕੌਰ, ਪ੍ਰਕਾਸ਼ ਸਿੰਘ ਅਤੇ ਸੋਨੀ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


Comments


Logo-LudhianaPlusColorChange_edited.png
bottom of page