08/01/2024
ਗੈਂਗਸਟਰ ਸੰਦੀਪ ਗਡੌਲੀ ਦੀ ਪ੍ਰੇਮਿਕਾ ਰਹੀ ਦਿਵਿਆ ਪਾਹੂਜਾ ਕਤਲ ਕਾਂਡ ਵਿਚ ਇਕ ਹੋਰ ਕੁੜੀ ਸਾਹਮਣੇ ਆਈ ਹੈ। ਉਹ ਹੋਟਲ ਮਾਲਕ ਅਭੀਜੀਤ ਦੀ ਗਰਲਫਰੈਂਡ ਹੈ। ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨਜ਼ਫ਼ਗੜ੍ਹ ਸਥਿਤ ਘਰ ਵਿੱਚੋਂ ਇਸ ਕੁੜੀ ਨੂੰ ਗੁਰੂਗ੍ਰਾਮ ਲੈ ਆਈ ਹੈ। ਪੁਲਿਸ ਉਸ ਨੂੰ ਸਰਕਾਰੀ ਗਵਾਹ ਬਣਾਉਣ ਦੀ ਤਿਆਰੀ ਵਿਚ ਹੈ।
ਦਿਵਿਆ ਦੇ ਕਤਲ ਕੇਸ ਵਿਚ ਉਸ ਦੀ ਭੈਣ ਨੈਣਾ ਨੇ ਵੀ ਐੱਫਆਈਆਰ ਲਿਖਣ ਸਮੇਂ ਬੁਆਏਕੱਟ ਵਾਲੀ ਕੁੜੀ ਦਾ ਜ਼ਿਕਰ ਕੀਤਾ ਸੀ। ਉਸ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਦਿਵਿਆ ਦੇ ਕਤਲ ਵਿਚ ਉਹ ਕੁੜੀ ਸ਼ਾਮਲ ਹੈ। ਇਸ ਮਗਰੋਂ ਐੱਸਆਈਟੀ ਨੇ ਹੋਟਲ ਮਾਲਕ ਅਭੀਜੀਤ ਤੋਂ ਇਸ ਕੁੜੀ ਬਾਰੇ ਪੁੱਛਿਆ ਸੀ। ਉਦੋਂ ਅਭੀ ਨੇ ਦੱਸਿਆ ਸੀ ਕਿ ਮੰਗਲਵਾਰ ਸ਼ਾਮ ਵੇਲੇ ਦਿਵਿਆ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਕੁੜੀ ਨੂੰ ਸੱਦਿਆ ਸੀ ਤੇ ਮਦਦ ਮੰਗੀ ਸੀ। ਕੁੜੀ ਨੇ ਪੁਲਿਸ ਨੇ ਦੱਸਿਆ ਹੈ ਕਿ ਜਦੋਂ ਹੋਟਲ ਮਾਲਕ ਦੇ ਕਹਿਣ ’ਤੇ ਉਹ ਉਥੇ ਗਈ ਤਾਂ ਦਿਵਿਆ ਦੀ ਲਾਸ਼ ਉਥੇ ਪਈ ਹੋਈ ਸੀ। ਅਭੀਜੀਤ ਨੇ ਉਸ ਨੁੂੰ ਸਬੁੂਤ ਮਿਟਾਉਣ ਲਈ ਕਿਹਾ ਸੀ ਪਰ ਉਸ ਨੇ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਹੋਟਲ ਮਾਲਕ ਨੇ ਬਲਰਾਜ ਗਿੱਲ ਤੇ ਰਵੀ ਬੰਗਾ ਨੂੰ ਸੱਦ ਕੇ ਲਾਸ਼ ਟਿਕਾਣੇ ਲਗਾਉਣ ਲਈ ਭੇਜ ਦਿੱਤਾ ਸੀ। ਕੁੜੀ ਨੇ ਕਿਹਾ ਕਿ ਉਹ ਆਨਲਾਈਨ ਐਪ ਪੋਰਟਲ ਨਾਲ ਜੁੜੀ ਹੈ। ਕੁਝ ਮਹੀਨੇ ਪਹਿਲਾਂ ਹੀ ਉਹ ਅਭੀਜੀਤ ਦੇ ਸੰਪਰਕ ਵਿਚ ਆਈ ਸੀ। ਗੁਰੂਗ੍ਰਾਮ ਪੁਲਿਸ ਉਸ ਨੁੂੰ ਹੁਣ ਦਿਵਿਆ ਕਤਲ ਕਾਂਡ ਵਿਚ ਸਰਕਾਰੀ ਗਵਾਹ ਬਣਾਉਣ ਦੀ ਤਿਆਰੀ ਵਿਚ ਹੈ। ਯਾਦ ਰਹੇ ਬੱਸ ਸਟੈਂਡ ਲਾਗੇ ਹੋਟਲ ਸਿਟੀ ਪੁਆਇੰਟ ਵਿਚ ਪਿਛਲੇ ਮੰਗਲਵਾਰ ਸ਼ਾਮ ਨੂੰ ਅਭੀਜੀਤ ਨੇ ਗੋਲੀ ਮਾਰ ਕੇ ਮਾਡਲ ਦਿਵਿਆ ਨੂੰ ਕਤਲ ਕਰ ਦਿੱਤਾ ਸੀ।
ਭਾਖੜਾ ਨਹਿਰ ’ਚੋਂ ਲਾਸ਼ ਦੀ ਭਾਲ ਕਰ ਰਹੇ ਨੇ ਗੋਤਾਖ਼ੋਰ
ਕ੍ਰਾਈਮ ਬ੍ਰਾਂਚ ਟੀਮ ਦਿਵਿਆ ਦੀ ਲਾਸ਼ ਲੱਭ ਰਹੀ ਹੈ। ਟੀਮ ਨੇ ਪਟਿਆਲਾ ਪੁਲਿਸ ਦੀ ਮਦਦ ਨਾਲ ਕੁਝ ਗੋਤਾਖ਼ੋਰਾਂ ਨੂੰ ਸੱਦਿਆ ਤੇ ਭਾਖੜਾ ਨਹਿਰ ਵਿਚ ਜਾਂਚ ਸ਼ੁਰੂ ਕਰ ਦਿੱਤੀ। ਸ਼ਨਿੱਚਰਵਾਰ ਨੁੂੰ 45 ਤੋਂ ਵੱਧ ਗੋਤਾਖ਼ੋਰਾਂ ਨੇ ਰਾਜਪੁਰਾ, ਘਨੌਰ, ਗੰਡਾਖੇੜੀ, ਪਸਿਆਣਾ, ਸਮਾਣਾ ਵਿਚ ਨਹਿਰ ਵਿੱਚੋਂ ਲਾਸ਼ ਦੀ ਭਾਲ ਕੀਤੀ।
ਦੂਜੇ ਪਾਸੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਲਾਸ਼ ਨੁੂੰ ਲੈ ਕੇ ਫ਼ਰਾਰ ਹੋਏ ਬਲਰਾਜ ਗਿੱਲ ਤੇ ਰਵੀ ਦੀ ਭਾਲ ਵਿਚ ਛਾਪਾਮਾਰੀ ਕਰ ਰਹੀਆਂ ਹਨ। ਹਰਿਆਣਾ, ਪੰਜਾਬ ਤੇ ਹਿਮਾਚਲ ਵਿਚ ਤਲਾਸ਼ੀ ਜਾਰੀ ਹੈ। ਪਟਿਆਲਾ ਦੇ ਬੱਸ ਸਟੈਂਡ ਦੀ ਪਾਰਕਿੰਗ ਵਿਚ ਖੜ੍ਹਾ ਕਰ ਕੇ ਦੋਵਾਂ ਮੁਲਜ਼ਮਾਂ ਦੇ ਨੇਪਾਲ ਭੱਜਣ ਦਾ ਖ਼ਦਸ਼ਾ ਹੈ।
Comments