29/12/2023
ਜਲੰਧਰ ਦੇ ਥਾਣਾ 5 ਅਧੀਨ ਆਉਂਦੇ ਭਈਆ ਮੰਡੀ 'ਚ ਤਿੰਨ ਲੁਟੇਰਿਆਂ ਦਾ ਆਪਸ ਵਿੱਚ ਵਿਵਾਦ ਹੋਣ ਕਾਰਨ ਦੋ ਲੁਟੇਰਿਆਂ ਨੇ ਆਪਣੇ ਤੀਜੇ ਸਾਥੀ ਲੁਟੇਰੇ ਨੂੰ ਗੋਲ਼ੀ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖ਼ਮੀ ਲੁਟੇਰੇ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਹਸਪਤਾਲ 'ਚ ਦਾਖਲ ਕਰਵਾਉਣ ਉਪਰੰਤ ਲੁਟੇਰੇ ਜਲੰਧਰ ਕਪੂਰਥਲਾ ਮਾਰਗ 'ਤੇ ਫ਼ਰਾਰ ਹੋ ਗਏ ਪਰ ਬਦਕਿਸਮਤੀ ਨਾਲ ਦੋਵੇਂ ਲੁਟੇਰੇ ਥਾਣਾ ਮਕਸੂਦਾਂ ਅਧੀਨ ਪੈਂਦੀ ਆਧੀ ਖੂਹੀ ਪੁਲਿਸ ਚੌਕੀ ਦੇ ਹੱਥੀ ਚੜ੍ਹ ਗਏ। ਡੀਐੱਸਪੀ ਕਰਤਾਰਪੁਰ ਬਲਬੀਰ ਸਿੰਘ ਨੇ ਦੱਸਿਆ ਕਿ ਆਧੀ ਖੂਹੀ ਪੁਲਿਸ ਚੌਕੀ ਦੇ ਇੰਚਾਰਜ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਮੋਟਰਸਾਈਕਲ 'ਤੇ ਆ ਰਹੇ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨਾਂ ਨੇ ਉਥੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਨੇ ਹੁਸ਼ਿਆਰੀ ਨਾਲ ਉਨ੍ਹਾਂ ਨੂੰ ਕਾਬੂ ਕਰ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲੋਂ ਬੰਦੂਕ ਬਰਾਮਦ ਹੋਣ 'ਤੇ ਉਨ੍ਹਾਂ ਨੂੰ ਕਾਬੂ ਕਰਕੇ ਥਾਣੇ ਲਿਜਾਇਆ ਗਿਆ।
ਆਪਣੇ ਸਾਥੀ ਨੂੰ ਜ਼ਖ਼ਮੀ ਕਰ ਕੇ ਹੋ ਰਹੇ ਸੀ ਫਰਾਰ
ਡੀਐੱਸਪੀ ਕਰਤਾਰਪੁਰ ਬਲਬੀਰ ਸਿੰਘ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਥਾਣੇ ਲਿਆਉਣ ਉਪਰੰਤ ਗੰਭੀਰਤਾ ਨਾਲ ਪੁੱਛਗਿੱਛ ਕਰਨ ਦੌਰਾਨ ਹਰਜੋਤ ਸਿੰਘ ਵਾਸੀ ਥਾਣਾ ਸਦਰ ਜ਼ਿਲ੍ਹਾ ਕਪੂਰਥਲਾ ਅਤੇ ਗੌਰਵ ਸ਼ੀਮਾਰ ਨੇ ਦੱਸਿਆ ਕਿ ਉਹ ਤਿੰਨੇ ਸਾਥੀ ਰਲ ਕੇ ਮੋਟਰਸਾਈਕਲ ਤੇ ਲੁੱਟਾਂ ਖੋਹਾਂ ਕਰਦੇ ਹਨ ਅਤੇ ਉਹਨਾਂ ਦਾ ਥਾਣਾ ਪੰਜ ਅਧੀਨ ਆਉਂਦੀ ਭਈਆ ਮੰਡੀ ਵਿੱਚ ਰਹਿ ਰਹੇ ਆਪਣੇ ਸਾਥੀ ਨਾਲ ਤਕਰਾਰ ਹੋਣ ਦੌਰਾਨ ਗੁੱਸੇ ਵਿੱਚ ਆ ਕੇ ਆਪਣੇ ਸਾਥੀ ਗੁਰਦਿਤ ਨੂੰ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਵੀ ਉਨ੍ਹਾਂ ਵੱਲੋਂ ਹੀ ਕਰਵਾਇਆ ਗਿਆ। ਇਸ ਤੋਂ ਬਾਦਅ ਡਰਦੇ ਮਾਰੇ ਉਹ ਕਪੂਰਥਲੇ ਵੱਲ ਫ਼ਰਾਰ ਹੋ ਰਹੇ ਸਨ। ਪੁਲਿਸ ਨੇ ਨਾਜਾਇਜ਼ ਹਥਿਆਰ ਬਰਾਮਦ ਹੋਣ ਦੌਰਾਨ ਕਾਬੂ ਕੀਤੇ ਗਏ ਦੋਹਾਂ ਨੌਜਵਾਨਾਂ ਵਿਰੁੱਧ ਆਰਮਜ਼ ਐਕਟ 25,27,379 ਬੀ ਅਧੀਨ ਕੇਸ ਦਰਜ ਕਰ ਕੇ ਹੋਰ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਐੱਸਪੀ ਨੇ ਦੱਸਿਆ ਨੌਜਵਾਨਾਂ ਕੋਲੋਂ ਹੋਰ ਵਾਰਦਾਤਾਂ ਬਾਰੇ ਵੀ ਪੁੱਛਿਗਿੱਛ ਕੀਤੀ ਜਾ ਰਹੀ ਹੈ। ਇਹਨਾਂ ਵੱਲੋਂ ਪਿਛਲੇ ਦਿਨਾਂ ਵਿੱਚ ਕਰਤਾਰਪੁਰ ਸਬ ਡਿਵੀਜ਼ਨ ਅਧੀਨ ਅਨੇਕਾਂ ਖੇਤਰਾਂ ਵਿੱਚ 15 ਲੁੱਟ ਖੋਹ ਦੀਆਂ ਵਾਰਦਾਤਾਂ ਕੀਤੀਆਂ ਹਨ।
6 ਮਹੀਨੇ ਪਹਿਲਾਂ ਹੀ ਦੁਬਈ ਤੋਂ ਆਇਆ ਸੀ ਵਾਪਸ
ਇਸ ਸਬੰਧੀ ਜ਼ਖ਼ਮੀ ਗੁਰਦਿੱਤ ਦੇ ਭਰਾ ਗੁਰਦੀਪ ਨੇ ਦੱਸਿਆ ਕਿ ਉਹ ਆਪਣੇ ਕੰਮ 'ਤੇ ਗਿਆ ਹੋਇਆ ਸੀ। ਇਸ ਦੌਰਾਨ ਜਦੋਂ ਉਸ ਨੂੰ ਫੋਨ ਆਇਆ ਤਾਂ ਉਹ ਆਪਣੇ ਭਰਾ ਨੂੰ ਮਿਲਣ ਲਈ ਸਿਵਲ ਹਸਪਤਾਲ ਗਿਆ। ਪੀੜਤ ਦੇ ਭਰਾ ਨੇ ਦੱਸਿਆ ਕਿ ਗੁਰਦਿੱਤ 6 ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ।
ਇਸ ਸਬੰਧੀ ਸਿਵਲ ਹਸਪਤਾਲ ਵਿੱਚ ਮੌਜੂਦ ਏਸੀਪੀ ਵੈਸਟ ਜਸਪ੍ਰੀਤ ਸਿੰਘ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਮਾਮਲਾ ਸਾਹਮਣੇ ਆਇਆ ਉਸੇ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ।
Comments