26/12/2023
ਐਤਵਾਰ ਰਾਤ ਬੱਸ ਸਟੈਂਡ ਨੇੜੇ ਸੜਕ ਪਾਰ ਕਰਦੇ ਸਮੇਂ ਤੇਜ਼ ਰਫ਼ਤਾਰ ਕਾਰ ਦੀ ਲਪੇਟ ’ਚ ਆਉਣ ਕਾਰਨ ਪੀਆਰਟੀਸੀ ਦੇ ਡਰਾਈਵਰ ਦੀ ਮੌਤ ਹੋ ਗਈ। ਪਿੰਡ ਭਿੰਡਰਾਂ ਦੇ ਮਨਵੀਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪਿਤਾ ਜਸਵੀਰ ਰਾਮ ਪੀਆਰਟੀਸੀ ਵਿਚ ਠੇਕੇ ’ਤੇ ਡਰਾਈਵਰ ਸੀ ਜੋ 23 ਦਸੰਬਰ ਨੂੰ ਡਿਊਟੀ ’ਤੇ ਗਿਆ ਸੀ।
ਰਾਤ ਸਾਢੇ 11 ਵਜੇ ਦੇ ਕਰੀਬ ਕਿਸੇ ਰਾਹਗੀਰ ਨੇ ਉਸ ਨੂੰ ਫੋਨ ’ਤੇ ਦੱਸਿਆ ਕਿ ਉਸ ਦੇ ਪਿਤਾ ਜਸਵੀਰ ਰਾਮ ਨੂੰ ਭਵਾਨੀਗੜ੍ਹ ਬੱਸ ਸਟੈਂਡ ਨੇੜੇ ਸੜਕ ਪਾਰ ਕਰਦੇ ਸਮੇਂ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਜਸਵੀਰ ਰਾਮ ਕਾਫੀ ਸੱਟਾਂ ਲੱਗਣ ਕਰ ਕੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਜਦਕਿ ਕਾਰ ਚਾਲਕ ਫ਼ਰਾਰ ਹੋ ਗਿਆ। ਉਹ ਪਟਿਆਲਾ ਹਸਪਤਾਲ ਪਹੁੰਚੇ ਜਿੱਥੇ ਡਾਕਟਰ ਨੇ ਉਸ ਦੇ ਪਿਤਾ ਜਸਵੀਰ ਰਾਮ ਨੂੰ ਮ੍ਰਿਤਕ ਐਲਾਨ ਦਿੱਤਾ। ਭਵਾਨੀਗੜ੍ਹ ਪੁਲਿਸ ਨੇ ਅਣਪਛਾਤੀ ਕਾਰ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Comments