03/02/2024
Baddi Perfume Factory Fire: ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਬਰੋਟੀਵਾਲਾ 'ਚ ਪਰਫਿਊਮ ਬਣਾਉਣ ਵਾਲੀ ਇੰਡਸਟਰੀ 'ਚ ਲੱਗੀ ਅੱਗ ਜਿੰਨੀ ਭਿਆਨਕ ਸੀ, ਓਨਾ ਹੀ ਦਰਦ ਅੰਦਰ ਫਸੇ ਲੋਕਾਂ ਨੇ ਝੱਲਿਆ ਹੈ, ਜਿਸ ਦਾ ਦਰਦ ਉਮਰ ਭਰ ਰਹੇਗਾ। ਇਨ੍ਹਾਂ ਵਿੱਚੋਂ ਇਕ ਖੁਸ਼ਬੂ ਹੈ, ਜੋ ਪਿੰਡ ਫੈਚਲ, ਜ਼ਿਲ੍ਹਾ ਬਦਾਯੂੰ (ਉੱਤਰ ਪ੍ਰਦੇਸ਼) ਦੀ ਰਹਿਣ ਵਾਲੀ ਹੈ। ਖੁਸ਼ਬੂ ਨੂੰ ਬਰੁਕਲਿਨ ਹਸਪਤਾਲ ਝਾਰਮਾਜਰੀ 'ਚ ਦਾਖਲ ਕਰਵਾਇਆ ਗਿਆ ਹੈ। ਦਰਅਸਲ ਇਮਾਰਤ ਤੋਂ ਛਾਲ ਮਾਰਨ ਕਾਰਨ ਉਸ ਦੀ ਪਿੱਠ 'ਤੇ ਗੰਭੀਰ ਸੱਟ ਲੱਗੀ ਹੈ। ਇਸੇ ਹਸਪਤਾਲ 'ਚ ਸੱਤ ਹੋਰ ਮਹਿਲਾ ਮੁਲਾਜ਼ਮ ਦਾਖ਼ਲ ਹਨ।
ਰੋਜ਼ ਵਾਂਗ ਸਾਰੇ ਮੁਲਾਜ਼ਮ ਪੁੱਜੇ ਸੀ ਕੰਪਨੀ
ਖੁਸ਼ਬੂ ਨੇ ਕਿਹਾ, ਸਾਰੇ ਮੁਲਾਜ਼ਮ ਰੋਜ਼ ਵਾਂਗ ਸ਼ੁੱਕਰਵਾਰ ਸਵੇਰੇ ਇੰਡਸਟਰੀ ਪਹੁੰਚੇ ਸਨ। ਸਾਰੇ ਮੁਲਾਜ਼ਮ ਦੁਪਹਿਰ ਦੇ ਖਾਣੇ ਲਈ ਇਕ ਵਜੇ ਚਲੇ ਜਾਂਦੇ ਹਨ ਤੇ ਕਰੀਬ 1.15 ਵਜੇ ਵਾਪਸ ਆਉਂਦੇ ਹਨ। ਮੇਰੇ ਨਾਲ ਕੁਝ ਮਹਿਲਾ ਮੁਲਾਜ਼ਮ ਸਨ, ਜਿਵੇਂ ਹੀ ਅਸੀਂ ਪ੍ਰੋਡਕਸ਼ਨ ਹਾਲ ਦੀ ਪਹਿਲੀ ਮੰਜ਼ਿਲ 'ਤੇ ਪਹੁੰਚੇ ਤਾਂ ਹਲਕੀ ਜਿਹੀ ਬਦਬੂ ਆਈ।
ਇਸ ਤੋਂ ਪਹਿਲਾਂ ਕਿ ਕੁਝ ਸਮਝ ਆਉਂਦਾ, ਕੁਝ ਮੁਲਾਜ਼ਮਾਂ ਨੂੰ ਚੱਕਰ ਆਉਣ ਲੱਗੇ। ਇਸ ਦੌਰਾਨ ਇੰਡਸਟਰੀ 'ਚ ਰੱਖੇ ਕੈਮੀਕਲ ਨੂੰ ਅੱਗ ਲੱਗ ਗਈ। ਕੁਝ ਮੁਲਾਜ਼ਮ ਬਾਹਰ ਨਿਕਲਣ 'ਚ ਕਾਮਯਾਬ ਰਹੇ ਪਰ ਅਸੀਂ ਅੰਦਰ ਹੀ ਫਸ ਗਏ। ਅਸੀਂ ਉਪਰਲੀ ਮੰਜ਼ਿਲ ਵੱਲ ਭੱਜੇ। ਤੀਸਰੀ ਮੰਜ਼ਿਲ 'ਤੇ ਟੀਨ ਦਾ ਸ਼ੈੱਡ ਸੀ, ਪਰ ਉੱਥੇ ਜਾਣ ਲਈ ਕੋਈ ਰਸਤਾ ਨਹੀਂ ਸੀ। ਉਦੋਂ ਤਕ ਅੰਦਰ ਸਿਰਫ਼ ਧੂੰਆਂ ਹੀ ਧੂੰਆਂ ਹੋ ਗਿਆ ਸੀ। ਕੁਝ ਹੀ ਮਿੰਟਾਂ 'ਚ ਚਾਰੇ ਪਾਸੇ ਅੱਗ ਦੀਆਂ ਲਪਟਾਂ ਫੈਲ ਗਈਆਂ। ਹਫੜਾ-ਦਫੜੀ 'ਚ ਕੁਝ ਮੁਲਾਜ਼ਮਾਂ ਨੇ ਹੇਠਾਂ ਛਾਲ ਮਾਰ ਦਿੱਤੀ।
ਹੇਠਲੀ ਮੰਜ਼ਿਲ 'ਤੇ ਭਿਆਨਕ ਅੱਗ ਲੱਗੀ ਸੀ, ਇਸ ਲਈ ਮੇਰੇ ਸਾਹਮਣੇ ਵੀ ਖਿੜਕੀ ਤੋਂ ਛਾਲ ਮਾਰਨ ਦਾ ਹੀ ਬਦਲ ਸੀ। ਮੈਂ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਕੁਝ ਮੁਲਾਜ਼ਮਾਂ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰੀ ਸੀ। ਬਾਅਦ 'ਚ ਪਤਾ ਲੱਗਾ ਕਿ ਕੁਝ ਮੁਲਾਜ਼ਮ ਛੱਤ 'ਤੇ ਵੀ ਫਸ ਗਏ ਸਨ।
ਸਾਰਿਆਂ ਨੂੰ ਜੀਵਨ ਭਰ ਦਾ ਦਰਦ ਮਿਲਿਆ
ਜਿੱਥੇ ਇਸ ਭਿਆਨਕ ਅੱਗ ਨੂੰ ਬੱਦੀ ਦੇ ਸਨਅਤੀ ਭਾਈਚਾਰੇ ਵੱਲੋਂ ਦੁਖਾਂਤ ਵਜੋਂ ਯਾਦ ਕੀਤਾ ਜਾਵੇਗਾ, ਉੱਥੇ ਹੀ ਇਮਾਰਤ ਤੋਂ ਛਾਲ ਮਾਰਨ ਵਾਲੀਆਂ ਜ਼ਿਆਦਾਤਰ ਮਹਿਲਾ ਮੁਲਾਜ਼ਮ ਸਰੀਰਕ ਤੌਰ 'ਤੇ ਅਪਾਹਜ ਹੋ ਸਕਦੀਆਂ ਹਨ। ਖੁਸ਼ਬੂ ਤੁਰਨ ਤੋਂ ਅਸਮਰੱਥ ਹੈ। ਰਾਜਕੁਮਾਰੀ ਦੇ ਲੱਕ 'ਤੇ ਗੰਭੀਰ ਸੱਟ ਲੱਗੀ ਹੈ। ਇਕ ਹੋਰ ਔਰਤ ਵੀ ਚੱਲਣ-ਫਿਰਨ ਤੋਂ ਅਸਮਰੱਥ ਹੈ।
ਠੇਕੇਦਾਰ ਕੋਲ ਕਰਦੇ ਹਨ ਕੰਮ
ਦੱਸਿਆ ਜਾ ਰਿਹਾ ਹੈ ਕਿ ਇੰਡਸਟਰੀ 'ਚ ਜ਼ਿਆਦਾਤਰ ਕਰਮਚਾਰੀ ਠੇਕੇਦਾਰਾਂ ਅਧੀਨ ਕੰਮ ਕਰਦੇ ਹਨ। ਇੱਥੇ ਸਵਾਲ ਇਹ ਹੈ ਕਿ ਇੰਡਸਟਰੀ ਮੈਨੇਜਮੈਂਟ ਨੇ ਇੰਨੇ ਕਰਮਚਾਰੀ ਠੇਕੇਦਾਰ ਦੇ ਅਧੀਨ ਕਿਉਂ ਰੱਖੇ ਹੋਏ ਹਨ। ਦੂਜੇ ਪਾਸੇ ਫਾਇਰ ਵਿਭਾਗ ਦੇ ਇਤਰਾਜ਼ ਪੱਤਰ 'ਤੇ ਸਵਾਲ ਉਠਾਏ ਜਾ ਰਹੇ ਹਨ ਕਿ ਬਿਨਾਂ ਲੋੜੀਂਦੇ ਸਾਜ਼ੋ-ਸਾਮਾਨ ਤੋਂ ਅਜਿਹੇ ਜਲਣਸ਼ੀਲ ਪਦਾਰਥ ਨੂੰ ਲਾਇਸੈਂਸ ਕਿਵੇਂ ਦਿੱਤਾ ਗਿਆ।
Comments