24/04/2024
ਜਿਸ ਦਿਨ ਡੋਲੀ ਉੱਠਣੀ ਸੀ, ਉਸੇ ਦਿਨ ਅਰਥੀ ਉੱਠੀ। ਅਜਿਹਾ ਹੀ ਕੁਝ ਬਦਰਪੁਰ ਦੇ ਮੋਲੜਬੰਦ 'ਚ ਰਹਿਣ ਵਾਲੀ 23 ਸਾਲਾ ਅੰਕਿਤਾ ਨਾਲ ਹੋਇਆ। ਅੰਕਿਤਾ ਦੇ ਵਿਆਹ ਦੀ ਬਰਾਤ ਸੋਮਵਾਰ ਨੂੰ ਆਉਣੀ ਸੀ। ਪਰ ਸਵੇਰੇ ਚਾਰ ਵਜੇ ਦੇ ਕਰੀਬ ਸਰਾਏ ਖਵਾਜ਼ਾ ਥਾਣੇ ਅਧੀਨ ਪੈਂਦੇ ਬਾਈਪਾਸ ’ਤੇ ਹਨੇਰੇ ’ਚ ਖੜ੍ਹੇ ਕੈਂਟਰ ਨਾਲ ਉਸ ਦੀ ਕਾਰ ਟਕਰਾ ਗਈ। ਹਾਦਸੇ 'ਚ ਅੰਕਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਉਸ ਦਾ ਭਰਾ, ਚਚੇਰਾ ਭਰਾ ਤੇ ਸਹੇਲੀ ਗੰਭੀਰ ਜ਼ਖ਼ਮੀ ਹੋ ਗਏ।
ਜ਼ਖਮੀਆਂ ਨੂੰ ਦਿੱਲੀ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਅੰਕਿਤਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਗਈ। ਪੁਲਿਸ ਨੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਹਾਦਸੇ ਤੋਂ ਬਾਅਦ ਜਸ਼ਨ ਮਨਾ ਰਹੇ ਰਿਸ਼ਤੇਦਾਰ ਸੋਗ 'ਚ ਡੁੱਬੇ ਹੋਏ ਹਨ। ਰਿਸ਼ਤੇਦਾਰਾਂ ਸਮੇਤ ਆਂਢੀ-ਗੁਆਂਢੀਆਂ ਦਾ ਅੱਖਾਂ 'ਚ ਹੰਝੂ ਹਨ।
ਚੰਨਣ ਸਿੰਘ ਮੂਲ ਰੂਪ 'ਚ ਪਿੰਡ ਰਾਮਪੁਰ ਬਖੜੀ ਜ਼ਿਲ੍ਹਾ ਵੈਸ਼ਾਲੀ, ਬਿਹਾਰ ਦਾ ਰਹਿਣ ਵਾਲਾ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਬੀ-52/14 ਮੋਲੜਬੰਦ, ਬਦਰਪੁਰ ਦਿੱਲੀ 'ਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ। ਉਸ ਦਾ ਇੱਕ ਪੁੱਤਰ ਸੁਮਨਕੀਤ ਸਿੰਘ ਤੇ ਇਕ ਧੀ ਅੰਕਿਤਾ ਸੀ। ਅੰਕਿਤਾ ਦਿੱਲੀ 'ਚ ਮੁਥੂਟ ਫਾਈਨਾਂਸ 'ਚ ਕੰਮ ਕਰਦੀ ਸੀ। ਅੰਕਿਤਾ ਦਾ ਰਿਸ਼ਤਾ ਰਜਨੀਸ਼ ਵਾਸੀ ਬੀ-69, ਮੋਲੜਬੰਦ ਬਦਰਪੁਰ ਦਿੱਲੀ ਨਾਲ ਤੈਅ ਹੋਇਆ ਸੀ। ਐਤਵਾਰ ਨੂੰ ਹਲਦੀ ਦੀ ਰਸਮ ਸੀ।
ਰਸਮ ਪੂਰੀ ਕਰਨ ਤੋਂ ਬਾਅਦ ਅੰਕਿਤਾ ਆਪਣੇ ਭਰਾ ਸੁਮਨਕੀਤ ਸਿੰਘ, ਦਿਓਲੀ ਪਿੰਡ ਦੇ ਰਹਿਣ ਵਾਲੇ ਚਚੇਰੇ ਭਰਾ ਨਿਸ਼ਾਂਤ ਤੇ ਸਹੇਲੀ ਅੰਸ਼ੂ ਦੇ ਨਾਲ ਫਰੀਦਾਬਾਦ ਦੇ ਵਿਨੈ ਨਗਰ, ਸਰਾਏ 'ਚ ਰਹਿਣ ਵਾਲੇ ਚਾਚਾ ਸੀਯਾਰਾਮ ਦੇ ਘਰ ਆ ਰਹੀ ਸੀ। ਇੱਥੇ ਇਕ ਮੰਦਰ 'ਚ ਪੂਜਾ ਕਰਨੀ ਸੀ ਤੇ ਮਾਸੀ ਨੂੰ ਵੀ ਨਾਲ ਲੈ ਕੇ ਜਾਣਾ ਸੀ। ਸਵੇਰੇ ਚਾਰ ਵਜੇ ਪੱਲਾ ਪੁਲ ਵੱਲ ਜਾਂਦੇ ਸਮੇਂ ਉਨ੍ਹਾਂ ਦੀ ਕਾਰ ਸੀਐਨਜੀ ਪੰਪ ਸਾਹਮਣੇ ਸੜਕ ’ਤੇ ਖੜ੍ਹੇ ਇਕ ਕੈਂਟਰ ਨਾਲ ਟਕਰਾ ਗਈ। ਇਸ ਤੋਂ ਬਾਅਦ ਕਾਰ ਨੇ ਸੜਕ 'ਤੇ ਕਈ ਪਲਟੀਆਂ ਖਾਧੀਆਂ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਏਅਰਬੈਗ ਖੁੱਲ੍ਹ ਗਏ। ਇਸ ਕਾਰਨ ਕਾਰ ਚਲਾ ਰਹੇ ਨਿਸ਼ਾਂਤ ਤੇ ਉਸ ਦੇ ਕੋਲ ਬੈਠੇ ਸੁਮਨਕੀਤ ਦੀ ਜਾਨ ਬਚ ਗਈ। ਜਿਸ ਪਾਸੇ ਟੱਕਰ ਹੋਈ, ਉਸ ਪਾਸੇ ਅੰਕਿਤਾ ਬੈਠੀ ਹੋਈ ਸੀ। ਉਸ ਦੀ ਸਹੇਲੀ ਅੰਸ਼ੂ ਸੀ। ਅੰਸ਼ੂ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ। ਉਸ ਨੂੰ ਦਿੱਲੀ ਟਰਾਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ। ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ।
Kommentare