27/12/2023
ਸਥਾਨਕ ਖੇਮਕਰਨ ਰੋਡ 'ਤੇ ਪੈਂਦੇ ਪਿੰਡ ਵਾੜਾ ਤੇਲੀਆਂ ਦੇ ਕੋਲ ਐਕਟਿਵਾ ਸਵਾਰ ਵਿਅਕਤੀ ਨੂੰ ਫੋਰਡ ਫੀਗੋ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟਰੀ ਸਵਾਰ ਵਿਅਕਤੀ ਦੀ ਮੌਤ ਹੋ ਗਈ। ਦੂਜੇ ਪਾਸੇ ਮੌਕੇ 'ਤੇ ਪਹੁੰਚੀ ਚੌਕੀ ਅਲਗੋਂ ਕੋਠੀ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰ ਦੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜੋ ਮੌਕੇ 'ਤੇ ਕਾਰ ਛੱਡ ਕੇ ਫਰਾਰ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਨਵੀਂ ਸਕੂਟਰੀ ਲਈ ਸੀ ਅਤੇ ਉਹ ਉਸੇ ਸਕੂਟਰੀ 'ਤੇ ਸਵਾਰ ਹੋ ਆਪਣੀ ਭੈਣ ਨੂੰ ਮਿਲਣ ਲਈ ਅੰਮਿ੍ਤਸਰ ਤੋਂ ਅਮਰਕੋਟ ਆ ਰਿਹਾ ਸੀ।
ਕਪਿਲ ਦੇਵ ਸ਼ਰਮਾ ਪੁੱਤਰ ਸੁਖਦੇਵ ਰਾਜ ਸ਼ਰਮਾ ਵਾਸੀ ਅਮਰਕੋਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਸਾਲਾ ਲਵਪ੍ਰਰੀਤ ਸਿੰਘ (23) ਪੁੱਤਰ ਮਨਜੀਤ ਸਿੰਘ ਵਾਸੀ ਬਟਾਲਾ ਰੋਡ ਅੰਮਿ੍ਤਸਰ ਐਕਟਿਵਾ ਸਕੂਟਰੀ 'ਤੇ ਸਵਾਰ ਹੋ ਕੇ ਉਨਾਂ੍ਹ ਨੂੰ ਮਿਲਣ ਲਈ ਆ ਰਿਹਾ ਸੀ। ਜਦੋਂ ਉਹ ਖੇਮਕਰਨ-ਅਮਰਕੋਟ ਰੋਡ 'ਤੇ ਪਿੰਡ ਵਾੜਾ ਤੇਲੀਆਂ ਤੋਂ ਥੋੜ੍ਹਾ ਅੱਗੇ ਆਇਆ ਤਾਂ ਫੋਰਡ ਫੀਗੋ ਕਾਰ ਨੰਬਰ ਡੀਐੱਲ10 ਸੀਐੱਫ 1121 ਕਾਰ ਨੇ ਗਲਤ ਪਾਸੇ ਆ ਕੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਲਵਪ੍ਰਰੀਤ ਸਿੰਘ ਦੀ ਮੌਤ ਹੋ ਗਈ, ਜਦਕਿ ਕਾਰ ਦਾ ਚਾਲਕ ਮੌਕੇ 'ਤੇ ਕਾਰ ਛੱਡ ਕੇ ਫਰਾਰ ਹੋ ਗਿਆ।
ਜਾਣਕਾਰੀ ਮਿਲੀ ਹੈ ਕਿ ਮਿ੍ਤਕ ਨੌਜਵਾਨ ਦਾ ਅਜੇ ਡੇਢ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਅਜੇ ਵਿਆਹ ਦੇ ਚਾਅ ਵੀ ਨਹੀਂ ਸਨ ਪੂਰੇ ਹੋਏ ਕਿ ਮੌਤ ਨੇ ਉਸ ਨੂੰ ਕਲਾਵੇ ਵਿਚ ਲੈ ਲਿਆ। ਦੂਜੇ ਪਾਸੇ ਚੌਕੀ ਅਲਗੋਂ ਕੋਠੀ ਦੇ ਇੰਚਾਰਜ ਏਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਕਪਿਲ ਦੇਵ ਸ਼ਰਮਾ ਦੇ ਬਿਆਨ ਕਲਮਬੰਦ ਕਰ ਕੇ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸਦੀ ਪਛਾਣ ਵਾਸਤੇ ਅਗਲੀ ਕਾਰਵਾਈ ਜਾਰੀ ਹੈ, ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
Comments