20/12/2023
ਫਗਵਾੜਾ-ਰੋਪੜ ਮੁੱਖ ਮਾਰਗ ਨੇੜੇ ਪਿੰਡ ਬਹੂਆ ਦੇ ਛੱਪੜ 'ਚ ਇਕ ਕਾਰ ਡਿੱਗਣ ਕਾਰਨ ਕਾਰ ਚਾਲਕ ਤੇ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਇੱਕ ਕਾਰ ਪੀ.ਬੀ 10 ਸੀ.ਐੱਨ 6767 ਜੋ ਬਹਿਰਾਮ ਸਾਈਡ ਤੋਂ ਫਗਵਾੜਾ ਸਾਈਡ ਵੱਲ ਜਾ ਰਹੀ ਸੀ, ਜਿਸ ਨੂੰ ਇੰਦਰਜੀਤ ਸਿੰਘ(42) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਬਗਵਾਈ (ਗੜ੍ਹਸ਼ੰਕਰ) ਜ਼ਿਲ੍ਹਾ ਹੁਸ਼ਿਆਰਪੁਰ ਚਲਾ ਰਿਹਾ ਸੀ, ਉਕਤ ਕਾਰ ਵਿੱਚ ਕਾਰ ਚਾਲਕ ਦੀ ਪਤਨੀ ਹਰਪ੍ਰੀਤ ਕੌਰ, ਉਸ ਦੀ ਮਾਸੀ ਪ੍ਰਸ਼ੌਤਮ ਕੌਰ ਵਾਸੀ ਸੋਨਾ ਬਰਨਾਲਾ ਅਤੇ ਚਾਲਕ ਦਾ ਪੁੱਤਰ ਗੁਰਬਾਜ ਸਿੰਘ (7) ਸਵਾਰ ਸਨ।ਹਰਪ੍ਰੀਤ ਕੌਰ ਨੇ ਦੱਸਿਆ ਕਿ ਮੇਰੇ ਪਤੀ ਦੀ ਸਿਹਤ ਇਕਦਮ ਵਿਗੜ ਗਈ, ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਪਿੰਡ ਬਹੂਆ ਦਾ ਜੋ ਡੂੰਘਾ ਛੱਪੜ ਹੈ ਉਸ ਵਿੱਚ ਜਾ ਡਿੱਗੀ। ਮੌਕੇ 'ਤੇ ਪੁਲਿਸ, ਬਹੂਆ ਨਿਵਾਸੀਆਂ ਅਤੇ ਰਾਹਗੀਰਾਂ ਦੀ ਸਹਾਇਤਾ ਨਾਲ ਸਾਨੂੰ ਬਾਹਰ ਕੱਢਿਆ। ਇੱਥੇ ਇਹ ਵੀ ਜਿਕਰਯੋਗ ਹੈ ਕਿ ਕਾਰ ਚਾਲਕ ਇੰਦਰਜੀਤ ਸਿੰਘ ਅਤੇ ਉਸ ਦੀ ਮਾਸੀ ਪ੍ਰਸ਼ੋਤਮ ਕੌਰ ਨੂੰ ਕਾਫੀ ਜੱਦੋ ਜਹਿਦ ਨਾਲ ਛੱਪੜ ਵਿੱਚ ਡਿੱਗੀ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਉਨ੍ਹਾਂ ਨੂੰ ਡਾਕਟਰਾਂ ਦੀ ਟੀਮ ਵੱਲੋਂ ਮ੍ਰਿਤਕ ਘੌਸ਼ਿਤ ਕੀਤਾ ਗਿਆ। ਰਾਹਗੀਰਾਂ ਅਤੇ ਲੋਕਾਂ ਨੇ ਜਿੱਥੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਹਾਈਵੇਅ ਲਾਗੇ ਜੋ ਗੰਦੇ ਪਾਣੀ ਲਈ ਛੱਪੜਾਂ ਹਨ, ਉਨ੍ਹਾਂ ਨੂੰ ਬੰਦ ਕੀਤਾ ਜਾਵੇ ਜਾਂ ਘੱਟੋ-ਘੱਟ ਇਨ੍ਹਾਂ ਛੱਪੜਾਂ ਦੀ ਚਾਰ ਦਿਵਾਰੀ ਕਰਵਾਈ ਜਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ।ਇਸ ਸਬੰਧੀ ਪੁਲਿਸ ਥਾਣਾ ਬਹਿਰਾਮ ਅਤੇ ਪੁਲਿਸ ਚੌਕੀ ਮੇਹਲੀ ਦੇ ਮੁਲਾਜ਼ਮਾਂ ਵੱਲੋਂ ਤੁਰੰਤ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਕੇ ਜਿੱਥੇ ਪੀੜਤਾਂ ਦੀ ਸਹਾਇਤਾ ਕੀਤੀ, ਉੱਥੇ ਉਨ੍ਹਾਂ ਆਪਣੀ ਕਾਰਵਾਈ ਵੀ ਅਰੰਭ ਕਰ ਦਿੱਤੀ।
Comments